ਵਿਆਹ ਦਾ ਚਾਅ ਵੀ ਪ੍ਰੀਖਿਆ ਦੇਣ ਦੇ ਉਤਸ਼ਾਹ ਨੂੰ ਮੱਠਾ ਨਾ ਪਾ ਸਕਿਆ

ਸਹੁਰੇ ਘਰ ਤੋਂ ਚਾਈਂ ਚਾਈਂ ਪੇਪਰ ਦੇ ਰਹੀ ਹੈ ਸੱਜਰੀ-ਵਿਆਹੀ ਵਿਦਿਆਰਥਣ ਹਰਪ੍ਰੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੀੜਾ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਉਸ ਦੇ ਵਿਆਹ ਦਾ ਨਵਾਂ ਚਾਅ ਵੀ ਆਨਲਾਈਨ ਪ੍ਰੀਖਿਆ ਦੇਣ ਦੇ ਉਤਸ਼ਾਹ ਨੂੰ ਮੱਠਾ ਨਾ ਪਾ ਸਕਿਆ। ਉਹ ਆਪਣੇ ਸਹੁਰੇ ਘਰ ਪਿੰਡ ਸੁਹਾਲੀ ਤੋਂ ਪੇਪਰ ਦੇ ਰਹੀ ਹੈ। ਇਸ ਸੱਜਰੀ ਵਿਆਹੀ ਕੁੜੀ ਦਾ ਕਹਿਣਾ ਹੈ ਕਿ ਉਹ ਦੋਵੇਂ ਪ੍ਰੀਖਿਆਵਾਂ ’ਚੋਂ ਜੇਤੂ ਹੋ ਕੇ ਨਿਕਲਣਾ ਚਾਹੁੰਦੀ ਹੈ ਅਤੇ ਵਿਆਹ ਦੇ ਚਾਅ ਵਿੱਚ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡਣ ਵਾਲੀ ਲੜਕੀਆਂ ਨੂੰ ਨਵੀਂ ਸੇਧ ਦੇਣਾ ਚਾਹੁੰਦੀ ਹੈ।
ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਕਰੋਨਾ ਦੇ ਅੌਖੇ ਸਮੇਂ ਦੌਰਾਨ ਅਧਿਆਪਕਾਂ ਨੇ ਉਸ ਨੂੰ ਆਨਲਾਈਨ ਸਿੱਖਿਆ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸ ਕਰਕੇ ਉਹ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਨੂੰ ਹੋਰ ਖੂਬਸੂਰਤ ਬਣਾਉਣ ਲਈ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਉਸ ਦਾ ਪਤੀ ਗੁਰਜੀਤ ਸਿੰਘ ਅਤੇ ਬਾਕੀ ਪਰਿਵਾਰਕ ਮੈਂਬਰ ਵੀ ਉਸ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰ ਰਹੇ ਹਨ। ਵਿਦਿਆਰਥਣ ਦੇ ਪਤੀ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਅੱਗੇ ਪੜ੍ਹਾਈ ਕਰਨ ਲਈ ਪੂਰਾ ਸਹਿਯੋਗ ਦੇਣਗੇ।
ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਆਨਲਾਈਨ ਪ੍ਰੀਖਿਆ ਦੌਰਾਨ ਮਾਪਿਆਂ ਦੀਆਂ ਤੰਗੀਆਂ ਅਤੇ ਘਰਾਂ ਦੇ ਮਾਹੌਲ ਅੰਦਰ ਅਨੇਕਾਂ ਦਿੱਕਤਾਂ ਹਨ ਪਰ ਅਧਿਆਪਕ ਅਤੇ ਵਿਦਿਆਰਥੀ ਇਨ੍ਹਾਂ ਚਣੌਤੀਆਂ ਦੇ ਬਾਵਜੂਦ ਆਨਲਾਈਨ ਪੜ੍ਹਾਈ ਨੂੰ ਸਫਲ ਬਣਾਉਣ ਵਿੱਚ ਜੁਟੇ ਹੋਏ ਹਨ। ਸਕੂਲ ਦੀ ਪ੍ਰਿੰਸੀਪਲ ਪ੍ਰਵੀਨ, ਕਲਾਸ ਇੰਚਾਰਜ ਰਵਿੰਦਰ ਕੌਰ ਅਤੇ ਅੰਗਰੇਜ਼ੀ ਲੈਕਚਰਾਰ ਡਾ. ਸ਼ੁਭਲਾ ਸ਼ਰਮਾ ਵਿਦਿਆਰਥਣ ਦੇ ਉਤਸ਼ਾਹ ਤੋਂ ਬਾਗੋਬਾਗ ਹਨ। ਪ੍ਰਿੰਸੀਪਲ ਪ੍ਰਵੀਨ ਨੇ ਦੱਸਿਆ ਕਿ ਵਿਦਿਆਰਥਣ ਅੰਗਰੇਜ਼ੀ, ਪੰਜਾਬੀ ਅਤੇ ਵਾਤਾਵਰਨ ਸਾਇੰਸ ਦੇ ਪੇਪਰ ਆਪਣੇ ਸਹੁਰੇ ਘਰ ਬੈਠ ਕੇ ਦੇ ਚੁੱਕੀ ਹੈ। ਹਰਪ੍ਰੀਤ ਕੌਰ ਨੂੰ ਭਵਿੱਖ ਵਿੱਚ ਸੁਚੱਜੀ ਅਗਵਾਈ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਨਵੇਂ ਖ਼ੂਬਸੂਰਤ ਸਫ਼ਰ ਦੇ ਨਾਲ ਨਾਲ ਪੜ੍ਹਾਈ ਵੀ ਜਾਰੀ ਰੱਖ ਸਕੇ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਵਿਦਿਆਰਥਣ ਹਰਪ੍ਰੀਤ ਕੌਰ ਦੇ ਨਿਰਣੇ ’ਤੇ ਤਸੱਲੀ ਪ੍ਰਗਟ ਕਰਦਿਆਂ ਅਧਿਆਪਕਾਂ ਨੂੰ ਵਧਾਈ ਦਿੱਤੀ। ਆਨਲਾਈਨ ਪ੍ਰੀਖਿਆ ਬਾਰੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵੇਂ ਦਾਖ਼ਲਿਆਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਰਿਕਾਰਡ ਵਾਧਾ ਹੋਇਆ ਹੈ। ਉਸੇ ਤਰ੍ਹਾਂ ਆਨਲਾਈਨ ਪੜ੍ਹਾਈ ਦੌਰਾਨ ਵਿਦਿਆਰਥੀ ਚੰਗੀ ਕਾਰਗੁਜ਼ਾਰੀ ਦਿਖਾਉਣਗੇ। ਸੰਜੀਵ ਭਾਰਦਵਾਜ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਕੋਲ ਮੋਬਾਈਲ ਫੋਨ ਦੀ ਸਮੱਸਿਆ ਹੈ। ਉਨ੍ਹਾਂ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…