
ਵਿਰਾਨ ਪਿਆ ਹੈ ਫੇਜ਼-8 ਵਿਚਲਾ ਪੁਰਾਣਾ ਅੰਤਰਰਾਜ਼ੀ ਬੱਸ ਅੱਡਾ
ਸ਼ਹਿਰ ਵਾਸੀਆਂ ਵੱਲੋਂ ਸਾਰੀਆਂ ਬੱਸਾਂ ਪੁਰਾਣੇ ਬੱਸ ਅੱਡੇ ਰਾਹੀਂ ਅੱਗੇ ਆਉਣ ਜਾਣ ਦੀ ਮੰਗ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਸਥਾਨਕ ਫੇਜ਼-8 ਵਿੱਚ ਸੁੰਨੇ ਪਏ ਪੁਰਾਣੇ ਅੰਤਰਰਾਜ਼ੀ ਬੱਸ ਅੱਡੇ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਪਿੱਛੇ ਜਿਹੇ ਨਵੇਂ ਏਸੀ ਬੱਸ ਅੱਡੇ ਦਾ ਉਦਘਾਟਨ ਕਰਕੇ ਕਰੀਬ ਸੱਤ ਸਾਲਾਂ ਚਾਲੂ ਕੀਤਾ ਗਿਆ ਹੈ ਲੇਕਿਨ ਏਸੀ ਬੱਸ ਅੱਡੇ ’ਤੇ ਲੋਕਾਂ ਲਈ ਮੁੱਢਲੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ। ਮੌਜੂਦਾ ਸਮੇਂ ਵਿੱਚ ਨਾ ਤਾਂ ਸਾਰੀਆਂ ਬੱਸਾਂ ਅੱਡੇ ਦੇ ਅੰਦਰ ਆਉਂਦੀਆਂ ਹਨ ਅਤੇ ਨਾ ਹੀ ਇੱਥੇ ਕੋਈ ਆਟੋ ਰਿਕਸ਼ਾ ਅਤੇ ਸਾਈਕਲ ਰਿਕਸ਼ਾ ਸਟੈਂਡ ਦੀ ਵਿਵਸਥਾ ਕੀਤੀ ਗਈ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਧਰ, ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਕਿਹਾ ਕਿ ਸੈਕਟਰ-68, ਪਿੰਡ ਕੁੰਭੜਾ, ਸੈਕਟਰ-69 ਸਮੇਤ ਫੇਜ਼-9, ਫੇਜ਼-7, ਸੈਕਟਰ-70 ਤੇ 71 ਸਮੇਤ ਹੋਰ ਨੇੜਲੇ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸਾਰੀਆਂ ਬੱਸਾਂ ਫੇਜ਼-8 ਦੇ ਪੁਰਾਣੇ ਬੱਸ ਅੱਡੇ ਵਿੱਚੋਂ ਹੋ ਕੇ ਆਉਣ ਤੇ ਜਾਣ, ਕਿਉਂਕਿ ਇੱਥੇ ਨੇੜੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ, ਪੰਚਾਇਤ ਵਿਭਾਗ, ਗਮਾਡਾ ਤੇ ਪੁੱਡਾ ਅਤੇ ਵਣ ਭਵਨ ਸਮੇਤ ਹੋਰ ਕਾਫੀ ਸਰਕਾਰੀ ਦਫ਼ਤਰਾਂ ਦਾ ਸੈਂਟਰ ਪਲੇਸ ਹੈ। ਇਸ ਤੋਂ ਇਲਾਵਾ ਫੋਰਟਿਸ ਹਸਪਤਾਲ, ਕਾਸਮੋ ਹਸਪਤਾਲ ਵੀ ਹੈ ਅਤੇ ਇਨ੍ਹਾਂ ਥਾਵਾਂ ’ਤੇ ਰੋਜ਼ਾਨਾ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਲੇਕਿਨ ਹੁਣ ਫੇਜ਼-6 ਵਿੱਚ ਏਸੀ ਬੱਸ ਅੱਡਾ ਸ਼ੁਰੂ ਹੋਣ ਨਾਲ ਇਸ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਬੱਸਾਂ ਫੇਜ਼-8 ’ਚੋਂ ਹੋ ਕੇ ਹੀ ਅੱਗੇ ਜਾਣ। ਇਹੀ ਨਹੀਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸਥਾਨਕ ਲੋਕਾਂ ਨੇ ਵੱਖ ਵੱਖ ਉਮੀਦਵਾਰਾਂ ਕੋਲ ਇਹ ਮੁੱਦਾ ਚੁੱਕਿਆਂ ਜਾਂਦਾ ਰਿਹਾ ਹੈ।
ਇਸ ਸਬੰਧੀ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਥਾਨਕ ਲੋਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਜੇਕਰ ਪੰਜਾਬ ਵਿੱਚ 11 ਮਾਰਚ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪਹਿਲ ਦੇ ਆਧਾਰ ’ਤੇ ਫੇਜ਼-8 ਵਿਚਲੇ ਪੁਰਾਣੇ ਬੱਸ ਅੱਡੇ ’ਤੇ ਸਾਰੀਆਂ ਬੱਸਾਂ ਦਾ ਆਉਣਾ ਜਾਣਾ ਯਕੀਨੀ ਬਣਾਇਆ ਜਾਵੇਗਾ। ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਿਟੀ ਬੱਸ ਸਰਵਿਸ਼ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ। ਸ੍ਰੀ ਸਿੱਧੂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਕੈਪਟਨ ਸਰਕਾਰ ਬਣਦੇ ਸਾਰ ਹੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਅਤੇ ਸਰਕਾਰੀ ਹਸਪਤਾਲ ਤੱਕ ਬੱਸਾਂ ਦੇ ਆਉਣ ਜਾਣ ਦਾ ਪ੍ਰਬੰਧ ਕਰਨ ਲਈ ਯੋਗ ਪੈਰਵੀ ਕੀਤੀ ਜਾਵੇਗੀ।