ਸਿੱਖ ਜਥੇਬੰਦੀਆਂ ਨਾਲ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਦਾ ਦੋਸ਼

ਨਿਰਦੋਸ਼ ਸਿੱਖ ਨੌਜਵਾਨਾਂ ਨੇ ਡੀਜੀਪੀ ਅਤੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਲਗਾਈ ਇਨਸਾਫ਼ ਦੀ ਗੁਹਾਰ

ਭੁਪਿੰਦਰ ਸਿੰਗਾਰੀਵਾਲਾ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 4 ਜਨਵਰੀ:
ਮਾਜਰੀ ਬਲਾਕ ਖੇਤਰ ਦੇ ਤਿੰਨ ਨੌਜਵਾਨਾਂ ਨੇ ਪੁਲੀਸ ’ਤੇ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਕੁਬਾਹੇੜੀ, ਯੂਥ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਮੁੰਧੋਂ ਅਤੇ ਧਾਰਮਿਕ ਆਗੂ ਅੱਛਰ ਸਿੰਘ ਕੰਸਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਸਿੱਖ ਜਥੇਬੰਦੀਆਂ ਨਾਲ ਕੋਈ ਵੀ ਸਬੰਧੀ ਨਾ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਹਰ ਵਾਰ ਸਿੱਖ ਜਥੇਬੰਦੀਆਂ ਵੱਲੋਂ ਉਲੀਕੇ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਕਦੇ ਵੀ ਜਥੇਬੰਦੀਆਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਿਆ ਹੈ। ਹਾਂ ਉਂਜ ਉਨ੍ਹਾਂ ਨੇ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੇਲੇ ਸਿੱਖੀ ਪ੍ਰਤੀ ਸ਼ਰਧਾ ਦਾ ਇਜ਼ਹਾਰ ਕਰਦਿਆਂ ਸੰਗਤਾਂ ਵਿੱਚ ਹਾਜ਼ਰ ਹੋ ਕੇ ਸਾਂਤਮਈ ਰੋਸ ਜਰੂਰ ਮਨਾਇਆ ਸੀ। ਇਹ ਹਰੇਕ ਗੁਰਸਿੱਖ ਦਾ ਮੁੱਢਲਾ ਫਰਜ਼ ਵੀ ਬਣਦਾ ਹੈ। ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਗਰਮ ਖਿਆਲੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ। ਜਿਸ ਕਾਰਨ ਜਥੇਬੰਦੀਆਂ ਦੇ ਹਰ ਪੰਥਕ ਪ੍ਰੋਗਰਾਮ ਸਮੇਂ ਪੁਲੀਸ ਕਦੇ ਰਾਹ ਜਾਂਦਿਆਂ ਨੂੰ ਕਦੇ ਉਨ੍ਹਾਂ ਨੂੰ ਅੱਧੀ ਰਾਤ ਨੂੰ ਘਰ ਸੁੱਤੇ ਪਿਆ ਨੂੰ ਗ੍ਰਿਫ਼ਤਾਰ ਕਰਨ ਲਈ ਘਰ ਆ ਜਾਂਦੀ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਗਰਮ ਖਿਆਲੀਆਂ ਦੇ ਕਿਸੇ ਵੀ ਪ੍ਰੋਗਰਾਮਾਂ ਨਾਲ ਕੋਈ ਲੈਣ ਦੇਣ ਨਾ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਪ੍ਰੇਸ਼ਾਨ ਕਰਨਾ ਕਿਸੇ ਸਿਆਸੀ ਵਿਤਕਰੇਬਾਜ਼ੀ ਦਾ ਹੀ ਕਾਰਨ ਹੋ ਸਕਦਾ ਹੈ। ਉਨ੍ਹਾਂ ਵੱਲੋਂ ਗੁਰੂ ਸਾਹਿਬ ਪ੍ਰਤੀ ਸਰਧਾ ਦੇ ਬਦਲੇ ਉਨ੍ਹਾਂ ਨੂੰ ਅਤਿਵਾਦੀਆਂ ਦੇ ਬਰਾਬਰ ਸਮਝਦੀ ਹੋਈ ਹਰ ਵਾਰ ਆ ਕੇ ਫੋਰਸਾਂ ਨਾਲ ਘਰਾਂ ਨੂੰ ਘੇਰੇ ਪਾ ਲੈਂਦੀ ਹੈ। ਇਸ ਨਾਲ ਉਨ੍ਹਾਂ ਦੇ ਜੀਵਨ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਉਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਾਸਕਰ ਬੱਚਿਆਂ ਵਿੱਚ ਸਹਿਮ ਬਣਿਆ ਰਹਿੰਦਾ ਹੈ। ਉਨ੍ਹਾਂ ਡੀਜੀਪੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨਿਰਦੋਸ਼ ਜੀਵਨ ਕਿਰਦਾਰ ਦੀ ਜਾਂਚ ਕਰਕੇ ਗਰਮ ਖਿਆਲੀਆਂ ਦੇ ਸਹਿਯੋਗੀਆਂ ਦੀ ਸੂਚੀ ਵਿੱਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਧੱਕੇਸ਼ਾਹੀ ਬੰਦ ਨਹੀਂ ਕੀਤੀ ਤਾਂ ਕਿਸੇ ਵੀ ਪਰਿਵਾਰਕ ਮੈਂਬਰ ਦੇ ਨੁਕਸਾਨ ਲਈ ਪੁਲੀਸ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਆਪਣੀ ਖਲਾਸੀ ਲਈ ਹਾਈ ਕੋਰਟ ਦਾ ਦਰਵਾਜਾ ਖੜਾਉਣਗੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…