ਮੁਹਾਲੀ ਵਿੱਚ ਪਾਬੰਦੀ ਦੇ ਬਾਵਜੂਦ ਸੜਕਾਂ ਕਿਨਾਰੇ ਸ਼ਰ੍ਹੇਆਮ ਸਾੜਿਆਂ ਜਾ ਰਿਹੈ ਕੂੜਾ ਤੇ ਝਾੜੀਆਂ, ਰਾਹਗੀਰ ਪ੍ਰੇਸ਼ਾਨ

ਮੁਹਾਲੀ ਪ੍ਰਸ਼ਾਸਨ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੁੱਪ ਧਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਾਬੰਦੀ ਦੇ ਬਾਵਜੂਦ ਰਿਹਾਇਸ਼ੀ ਇਲਾਕਿਆਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਸ਼ਰ੍ਹੇਆਮ ਕੂੜਾ-ਕਰਕਟ ਅਤੇ ਝਾੜੀਆਂ ਨੂੰ ਸਾੜਿਆ ਜਾ ਰਿਹਾ ਹੈ। ਇਸ ਨਾਲ ਜਿੱਥੇ ਸ਼ਹਿਰ ਵਿੱਚ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਸ਼ਹਿਰ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਵੱਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਵਾਤਾਵਰਨ ਪ੍ਰੇਮੀ ਗੁਰਮੇਲ ਸਿੰਘ ਮੋਜੋਵਾਲ ਅਤੇ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ, ਪੰਜਾਬ ਪ੍ਰਦੂਸ਼ਣ ਕੰਟਰੋਲ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਕੂੜਾ ਅਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਹੀ ਨਹੀਂ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ ਲੇਕਿਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਦੇ ਚੱਲਦਿਆਂ ਕਿਹਾ ਕਿ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਪਾਬੰਦੀ ਦੇ ਬਾਵਜੂਦ ਸ਼ਰ੍ਹੇਆਮ ਝਾੜੀਆਂ, ਕੂੜਾ ਅਤੇ ਹੋਰ ਰਹਿੰਦ ਖੂੰਹਦ ਨੂੰ ਸਾੜਿਆ ਜਾ ਰਿਹਾ ਹੈ ਲੇਕਿਨ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਬਜਾਏ ਚੁੱਪ ਧਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਵੇਲੇ ਮੁਹਾਲੀ ਤੋਂ ਚੱਪੜਚਿੜੀ ਪਹੁੰਚ ਸੜਕ ’ਤੇ ਇਤਿਹਾਸਕ ਗੁਰਦੁਆਰਾ ਫਤਹਿ-ਏ-ਜੰਗ ਸਾਹਿਬ ਨੇੜੇ ਸੜਕ ਦੇ ਕੰਢੇ ਉੱਗੀਆਂ ਝਾੜੀਆਂ ਨੂੰ ਅੱਗ ਲਗਾਈ ਗਈ ਸੀ। ਜਿਸ ਕਾਰਨ ਸਮੁੱਚੇ ਇਲਾਕੇ ਵਿੱਚ ਧੂੰਆਂ ਫੈਲ ਗਿਆ ਅਤੇ ਇਸ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚਾਲਕਾਂ ਦੀ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਸੜਕ ’ਤੇ ਭਿਆਨਕ ਹਾਦਸਾ ਵੀ ਵਾਪਰ ਸਕਦਾ ਸੀ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਵਾਤਾਵਰਨ ਦੀ ਸ਼ੁੱਧਤ ਲਈ ਹੋਕਾ ਦਿੱਤਾ ਜਾ ਰਿਹਾ ਹੈ। ਜੇਕਰ ਫਿਰ ਵੀ ਜਨਤਕ ਥਾਵਾਂ ’ਤੇ ਕੂੜਾ ਅਤੇ ਹੋਰ ਰਹਿੰਦ ਖੂੰਹਦ ਨੂੰ ਸਾੜਿਆ ਜਾ ਰਿਹਾ ਹੈ ਤਾਂ ਇਹ ਬਹੁਤ ਗਲਤ ਗੱਲ ਹੈ। ਉਨ੍ਹਾਂ ਸਾਫ਼ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…