nabaz-e-punjab.com

ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਅਕਾਲੀਆਂ ਨੇ ਕੀਤਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਕੁਰਸ਼ੀ ’ਤੇ ਕਬਜ਼ਾ

ਹੰਗਾਮਾ ਭਰਪੂਰ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਬਾਈਕਾਟ, ਅਕਾਲੀਆਂ ਵਿਰੁੱਧ ਨਾਅਰੇਬਾਜ਼ੀ

ਐਸਡੀਐਮ ਸ੍ਰੀਮਤੀ ਬਰਾੜ ਨੇ ਆਪਣੀ ਸੂਝਬੂਝ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਿਆ, ਇਲਾਕੇ ਦੇ ਲੋਕਾਂ ਵੱਲੋਂ ਬਰਾੜ ਦੀ ਸ਼ਲਾਘਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਅਗਸਤ:
ਨਗਰ ਕੌਂਸਲ ਕੁਰਾਲੀ ਦੇ ਉਪ ਪ੍ਰਧਾਨ ਦੀ ਚੋਣ ਅੱਜ ਖਰੜ ਦੀ ਐਸਡੀਐਮ ਅਮਨਿੰਦਰ ਕੌਰ ਬਰਾੜ ਦੀ ਦੇਖ ਰੇਖ ਵਿੱਚ ਹੋਈ। ਇਸ ਹੰਗਾਮਾ ਭਰਪੂਰ ਮਾਹੌਲ ਵਿੱਚ ਕਾਂਗਰਸੀ ਕੌਂਸਲਰਾਂ ਦੇ ਬਾਈਕਾਟ ਕਰਨ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ਦੇ ਕੌਂਸਲਰ ਆਪਣੇ ਧੜੇ ਨਾਲ ਸਬੰਧਤ ਕੌਂਸਲਰ ਗੁਰਚਰਨ ਸਿੰਘ ਰਾਣਾ ਨੂੰ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਕੁਰਸੀ ’ਤੇ ਬਿਠਾਉਣ ਵਿੱਚ ਸਫ਼ਲ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅਕਾਲੀ-ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਵੱਲੋਂ ਆਪਣੇ ਪੱਧਰ ’ਤੇ ਜੋੜ ਤੋੜ ਦੀ ਰਾਜਨੀਤੀ ਕਰਦਿਆਂ ਮੀਤ ਪ੍ਰਧਾਨ ਦੀ ਕੁਰਸੀ ’ਤੇ ਕਬਜ਼ਾ ਜਮਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਅਕਾਲੀ-ਭਾਜਪਾ ਗੱਠਜੋੜ ਨਾਲ ਸਬੰਧਤ ਇੱਕ ਕੌਂਸਲਰ ਨੂੰ ਕਾਂਗਰਸ ਵੱਲੋਂ ਕਥਿਤ ਤੌਰ ’ਤੇ ਅਗਵਾ ਕਰਨ ਦੇ ਦੋਸ ਲੱਗ ਚੁੱਕੇ ਸਨ।
ਅੱਜ ਬਾਅਦ ਦੁਪਹਿਰ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੌਂਸਲਰ ਸ਼ਿਵ ਵਰਮਾ ਅਤੇ ਭਾਜਪਾ ਕੌਂਸਲਰ ਭਾਨੂੰ ਪ੍ਰਤਾਪ ਵਿਚਾਲੇ ਕਾਫੀ ਬਹਿਸ ਹੋ ਗਈ। ਇਸ ਦੌਰਾਨ ਕੌਂਸਲਰ ਵਿਨੀਤ ਕਾਲੀਆ ਨੇ ਬੀਤੇ ਦਿਨੀਂ ਕੌਂਸਲਰ ਲਖਵੀਰ ਲੱਕੀ ਦੇ ਅਗਵਾ ਹੋਣ ਦੀ ਅਫ਼ਵਾਹ ਤੋਂ ਬਾਅਦ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਾਕਾਰਦਿਆਂ ਆਪਣਾ ਪੱਖ ਰੱਖਿਆ ਜਿਸ ਕਾਰਨ ਚੋਣ ਦੋ ਵਾਰ ਰੋਕਣੀ ਪਈ।
ਇਸ ਦੌਰਾਨ ਐਸ.ਡੀ.ਐਮ ਅਮਨਿੰਦਰ ਕੌਰ ਬਰਾੜ ਨੇ ਨਿਰਪੱਖ ਚੋਣ ਕਰਵਾਉਂਦੇ ਹੋਏ ਕਾਂਗਰਸੀ ਕੌਂਸਲਰਾਂ ਨੂੰ ਆਪਣੇ ਉਮੀਦਵਾਰ ਦਾ ਨਾਮ ਹਾਊਸ ਵਿੱਚ ਰੱਖਣ ਲਈ ਆਖਿਆ। ਜਿਸ ’ਤੇ ਕਾਂਗਰਸ ਵੱਲੋਂ ਕੌਂਸਲਰ ਭਾਨੂ ਪ੍ਰਤਾਪ ਦਾ ਨਾਂ ਹਾਊਸ ਵਿੱਚ ਮੀਤ ਪ੍ਰਧਾਨ ਲਈ ਰੱਖਿਆ, ਪਰ ਭਾਨੂ ਪ੍ਰਤਾਪ ਨੇ ਮੌਕੇ ’ਤੇ ਹੀ ਆਪਣੀ ਪਾਰਟੀ ਦੇ ਵਿਰੁੱਧ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ। ਜਿਸ ’ਤੇ ਕਾਂਗਰਸ ਪੱਖੀ ਕੌਂਸਲਰ ਸ਼ਿਵ ਵਰਮਾ, ਬਹਾਦਰ ਸਿੰਘ ਓ.ਕੇ, ਵਿਨੀਤ ਕਾਲੀਆ, ਸੁਖਜੀਤ ਕੌਰ ਸੋਢੀ, ਸ਼ਾਲੂ ਧੀਮਾਨ, ਲਾਡੀ, ਬਲਵਿੰਦਰ ਸਿੰਘ ਨੇ ਅਕਾਲੀ-ਭਾਜਪਾ ਗੱਠਜੋੜ ਅਤੇ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਦੋਸ ਲਗਾਉਂਦਿਆਂ ਚੋਣ ਪ੍ਰਕਿਰਿਆ ਦਾ ਬਾਈਕਾਟ ਕਰ ਦਿੱਤਾ। ਐਸ.ਡੀ.ਐਮ ਸ੍ਰੀਮਤੀ ਬਰਾੜ ਨੇ ਚੋਣ ਪ੍ਰੀਕਿਰਿਆ ਨੂੰ ਪੂਰੀ ਕਰਦਿਆਂ ਗੁਰਚਰਨ ਸਿੰਘ ਰਾਣਾ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਨੂੰ 10 ਵੋਟਾਂ ਪੈਣ ’ਤੇ ਜੇਤੂ ਕਰਾਰ ਦਿੱਤਾ ਗਿਆ। ਐਸਡੀਐਮ ਦੀ ਕਾਰਗੁਜ਼ਾਰੀ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਆਪਣੀ ਸੂਝਬੂਝ ਨਾਲ ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਿਆ। ਸਰਕਾਰੀ ਧੱਕੇਸ਼ਾਹੀ
ਇਸ ਚੋਣ ਪ੍ਰਕਿਰਿਆ ਦੌਰਾਨ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਅੰਮ੍ਰਿਤਪਾਲ ਕੌਰ ਬਾਠ, ਦਵਿੰਦਰ ਠਾਕੁਰ, ਲਖਵੀਰ ਲੱਕੀ, ਰਾਜਦੀਪ ਹੈਪੀ, ਗੁਰਚਰਨ ਸਿੰਘ ਰਾਣਾ, ਪਰਮਜੀਤ ਪੰਮੀ, ਕੁਲਵੰਤ ਕੌਰ ਪਾਬਲਾ, ਗੌਰਵ ਗੁਪਤਾ ਵਿਸ਼ੂ, ਭਾਨੂੰ ਪ੍ਰਤਾਪ ਨੇ ਗੁਰਚਰਨ ਸਿੰਘ ਰਾਣਾ ਦੇ ਹੱਕ ਵਿਚ ਵੋਟ ਪਾਈ। ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਨਰਿੰਦਰ ਰਾਣਾ ਭਾਜਪਾ ਆਗੂ, ਜਥੇਦਾਰ ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਚੰਨਾ ਦੋਨੋ ਮੈਂਬਰ ਐਸ.ਜੀ.ਪੀ.ਸੀ, ਜਥੇ. ਮਨਜੀਤ ਸਿੰਘ ਮੁੰਧੋਂ, ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਹਰਦੀਪ ਸਿੰਘ ਖਿਜ਼ਰਬਾਦ, ਪਾਲਇੰਦਰ ਸਿੰਘ ਬਾਠ, ਰਣਧੀਰ ਸਿੰਘ ਧੀਰਾ, ਅਨਿਲ ਪਰਾਸਰ ਭਾਜਪਾ ਆਗੂ, ਸ਼ਹਿਰੀ ਪ੍ਰਧਾਨ ਸੁਰਿੰਦਰ ਕੌਰ ਸ਼ੇਰਗਿੱਲ, ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ, ਪ੍ਰਿੰਸ ਕੁਰਾਲੀ, ਸੁਰਿੰਦਰ ਸਿੰਘ ਖਾਲਸਾ, ਗੁਰਮੇਲ ਸਿੰਘ ਪਾਬਲਾ, ਰਾਣਾ ਹਰਮੇਸ਼ ਕੁਮਾਰ, ਮਨਜੀਤ ਸਿੰਘ ਮਹਿਤੋਂ, ਤਰਲੋਕ ਚੰਦ ਧੀਮਾਨ, ਕੁਲਵੰਤ ਸਿੰਘ ਪੰਮਾ, ਭੁਪਿੰਦਰ ਕਾਲਾ ਆਦਿ ਹਾਜ਼ਰ ਸਨ।
ਕੌਂਸਲਰ ਬਾਠ ਕੈਨੇਡਾ ਤੋਂ ਵੋਟ ਪਾਉਣ ਪਹੁੰਚੇ
ਸ਼ਹਿਰ ਵਿਚ ਹੋਈ ਨਗਰ ਕੌਂਸਲ ਦੀ ਮੀਤ ਪ੍ਰਧਾਨਗੀ ਦੀ ਚੋਣ ਲਈ ਵਿਸ਼ੇਸ ਤੌਰ ਤੇ ਵੋਟ ਪਾਉਣ ਲਈ ਅਕਾਲੀ ਪੱਖੀ ਕੌਂਸਲਰ ਅਮ੍ਰਿਪਾਲ ਕੌਰ ਬਾਠ ਕਨੇਡਾ ਤੋਂ ਆਏ ਜਿਹਨਾਂ ਦੀ ਵੋਟ ਦੀ ਖਾਸ ਅਹਿਮੀਅਤ ਸੀ।
ਕਾਂਗਰਸੀ ਸਰਕਾਰ ਹੋਣ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ਦਾ ਦਬਦਬਾ ਕਾਇਮ
ਅੱਜ ਸ਼ਹਿਰ ਵਿਚ ਹੋਈ ਮੀਤ ਪ੍ਰਧਾਨ ਦੀ ਚੋਣ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦੀ ਜਿੱਤ ਤੋਂ ਇਹ ਸਾਫ਼ ਝਲਕਦਾ ਹੈ ਕਿ ਹਾਲੇ ਵੀ ਕੁਰਾਲੀ ਸ਼ਹਿਰ ਦੀ ਰਾਜਨੀਤੀ ਵਿਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦਾ ਦਬਦਬਾ ਕਾਇਮ ਹੈ, ਇਸੇ ਕਾਰਨ ਅਕਾਲੀ-ਭਾਜਪਾ ਗਠਜੋੜ ਆਪਣੀ ਪਾਰਟੀ ਦਾ ਉਪ ਪ੍ਰਧਾਨ ਬਣਾਉਣ ਵਿਚ ਸਫ਼ਲ ਰਹੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…