Nabaz-e-punjab.com

ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਫੇਜ਼-8 ਵਿੱਚ ਲੱਗੀ ਆਪਣੀ ਮੰਡੀ

ਐਸਡੀਐਮ ਜਗਦੀਪ ਸਹਿਗਲ ਨੇ ਮੁਹਾਲੀ ਵਿੱਚ ਆਪਣੀ ਮੰਡੀ ਅਤੇ ਬਲੌਂਗੀ ’ਚ ਮੀਟ ਮਾਰਕੀਟ ਬੰਦ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ ਬੀਤੇ ਦਿਨੀਂ ਸਬਜ਼ੀ ਮੰਡੀਆਂ ਅਤੇ ਆਪਣੀ ਮੰਡੀਆਂ ਬੰਦ ਕਰਨ ਦੇ ਹੁਕਮ ਜਾਰੀ ਕਰਨ ਦੇ ਬਾਵਜੂਦ ਅੱਜ ਇੱਥੋਂ ਫੇਜ਼-8 ਵਿੱਚ ਆਪਣੀ ਮੰਡੀ ਲਗਾਈ ਗਈ। ਇਸ ਮੰਡੀ ਵਿੱਚ ਸਾਰਾ ਦਿਨ ਲੋਕਾਂ ਨੇ ਆਲੂ, ਪਿਆਜ਼, ਅਤੇ ਹੋਰ ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਖ਼ਰੀਦੇ ਗਏ। ਦੁਕਾਨਦਾਰਾਂ ਨੇ ਲੋਕਾਂ ਦੀ ਭੀੜ ਦੇਖ ਕੇ ਲਾਲਚ ਵਿੱਚ ਆ ਕੇ ਫਲ ਅਤੇ ਸਬਜ਼ੀਆਂ ਦੇ ਮਨਮਰਜ਼ੀ ਦੇ ਭਾਅ ਵਸੂਲ ਕੀਤੇ ਗਏ। ਆਪਣੇ ਬੇਟੇ ਨਾਲ ਇਕੱਠੀਆਂ ਸਬਜ਼ੀਆਂ ਖ਼ਰੀਦਣ ਆਈ ਅੌਰਤ ਨੇ ਜਦੋਂ ਇਕ ਦੁਕਾਨਦਾਰ ਨੂੰ ਮਹਿੰਗੀ ਵੇਚਣ ਬਾਰੇ ਕਿਹਾ ਤਾਂ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅੱਜ ਹੀ ਪੈਸੇ ਵੱਟਣ ਦਾ ਮੌਕਾ ਕਿਉਂਕਿ ਆਉਣ ਵਾਲੇ ਦਿਨਾਂ ਤਾਂ ਪਿੱਛੋਂ ਸਬਜ਼ੀਆਂ ਹੀ ਨਹੀਂ ਆਉਣਗੀਆਂ ਅਤੇ ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਆਪਣੇ ਘਰ ਵਿਹਲਾ ਬੈਠਣਾ ਪਵੇਗਾ।
ਇਸ ਦੌਰਾਨ ਕਈ ਦੁਕਾਨਦਾਰਾਂ ਨੇ ਬਾਕਾਇਦਾ ਮਾਸਕ ਲਗਾਏ ਹੋਏ ਸਨ ਪ੍ਰੰਤੂ ਮੰਡੀ ਵਿੱਚ ਖ਼ਰੀਦਦਾਰੀ ਕਰਨ ਆਏ ਲੋਕ ਬਿਨਾਂ ਮਾਸਕ ਤੋਂ ਹੀ ਮੰਡੀ ਵਿੱਚ ਘੁੰਮ ਫਿਰ ਰਹੇ ਸਨ। ਮੁਹਾਲੀ ਵਿੱਚ ਜਿੱਥੇ ਕਿਸਾਨ ਮੰਡੀਆਂ ਲਗਦੀਆਂ ਹਨ ਉੱਥੇ ਨਾਲ ਹੀ ਕੁਝ ਪਰਵਾਸੀ ਵਿਅਕਤੀ ਵੀ ਆਪਣਾ ਸਮਾਨ ਕੇ ਰੱਖ ਕੇ ਬੈਠ ਜਾਂਦੇ ਹਨ। ਇੱਥੋਂ ਦੇ ਫੇਜ਼-8 ਵਿੱਚ ਮੰਡੀ ਵਾਲੀ ਥਾਂ ’ਤੇ ਹਰੇਕ ਐਤਵਾਰ ਨੂੰ ਕਿਸਾਨ ਮੰਡੀ ਲੱਗਦੀ ਹੈ ਜਦੋਂਕਿ ਵੀਰਵਾਰ ਨੂੰ ਇੱਥੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਮੰਡੀ ਲਗਾਈ ਜਾਂਦੀ ਹੈ ਅਤੇ ਅੱਜ ਵੀ ਇਹ ਮੰਡੀ ਲੱਗੀ ਰਹੀ। ਮੰਡੀ ਵਿੱਚ ਸਮਾਲ ਵੇਚਣ ਵਾਲੇ ਦੁਕਾਨਦਾਰ ਲਲਨ ਗੁਪਤਾ ਅਤੇ ਲਾਲ ਬਾਬੂ ਨੇ ਦੱਸਿਆ ਕਿ ਅੱਜ ਮੰਡੀ ਵਿੱਚ ਭਾਵੇਂ ਭੀੜ ਘੱਟ ਹੈ ਪ੍ਰੰਤੂ ਲੋਕ ਇਕੱਠਾ ਸਾਮਾਨ ਖਰੀਦ ਰਹੇ ਹਨ। ਇਸ ਲਈ ਉਨ੍ਹਾਂ ਦਾ ਸਾਮਾਨ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਫੇਜ਼-7 ਦੇ ਖਪਤਕਾਰ ਨਿਰਪਾਲ ਸਿੰਘ ਨੇ ਕਿਹਾ ਕਿ ਆਮ ਤੌਰ ’ਤੇ ਉਹ ਦੋ ਚਾਰ ਦਿਨਾਂ ਦੀ ਲੋੜ ਦਾ ਸਾਮਾਨ ਖ਼ਰੀਦਦੇ ਹਨ ਪ੍ਰੰਤੂ ਅੱਜ ਉਹ ਇਕੱਠਾ ਸਾਮਾਨ ਖ਼ਰੀਦ ਰਹੇ ਹਨ ਕਿਉਂਕਿ ਕੋਈ ਪਤਾ ਨਹੀਂ ਪ੍ਰਸ਼ਾਸਨ ਵੱਲੋਂ ਕਦੋਂ ਸਾਰਾ ਕੁਝ ਬੰਦ ਕਰਵਾ ਦਿੱਤਾ ਜਾਵੇ।
(ਬਾਕਸ ਆਈਟਮ)
ਉਧਰ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਫੇਜ਼-8 ਵਿੱਚ ਆਪਣੀ ਮੰਡੀ ਅਤੇ ਬਲੌਂਗੀ ਵਿੱਚ ਮੀਟ ਮਾਰਕੀਟ ਲੱਗੀ ਹੋਣ ਬਾਰੇ ਸ਼ਿਕਾਇਤਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਹਦਾਇਤਾਂ ਜਾਰੀ ਕਰਕੇ ਮੰਡੀ ਨੂੰ ਬੰਦ ਕਰਵਾ ਦਿੱਤਾ। ਇੰਝ ਹੀ ਬਲੌਂਗੀ ਦੇ ਵਸਨੀਕ ਅਮਰਜੀਤ ਸਿੰਘ ਨੇ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੂੰ ਸਿੱਖ ਅਜਾਇਬਘਰ ਦੇ ਨੇੜੇ ਮੀਟ ਮਾਰਕੀਟ ਖੁੱਲ੍ਹੀ ਹੋਣ ਅਤੇ ਉੱਥੇ ਸੈਂਕੜੇ ਲੋਕਾਂ ਦੇ ਇਕੱਠੇ ਹੋਣ ਬਾਰੇ ਇਤਲਾਹ ਦਿੱਤੀ ਗਈ। ਏਡੀਸੀ ਨੇ ਤੁਰੰਤ ਐਸਡੀਐਮ ਨੂੰ ਬਣਦੀ ਕਾਰਵਾਈ ਦੇ ਆਦੇਸ਼ ਦਿੱਤੇ ਗਏ। ਐਸਡੀਐਮ ਨੇ ਬਲੌਂਗੀ ਵਿੱਚ ਮੀਟ ਮਾਰਕੀਟ ਨੂੰ ਤੁਰੰਤ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇੱਥੇ ਅੰਦਾਜ਼ਨ 400 ਤੋਂ ਵੱਧ ਵਿਅਕਤੀਆਂ ਦੀ ਭੀੜ ਲੱਗੀ ਹੋਈ ਸੀ। ਇਸ ਤੋਂ ਇਲਾਵਾ ਜਿਹੜੇ ਸਕੂਲਾਂ ਖੁੱਲ੍ਹੇ ਹੋਣ ਬਾਰੇ ਸੂਚਨਾਵਾਂ ਮਿਲ ਰਹੀਆਂ ਸਨ। ਉਨ੍ਹਾਂ ਸਾਰੇ ਸਕੂਲਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ।
(ਬਾਕਸ ਆਈਟਮ)
ਕਿਸਾਨ ਮੰਡੀ ਦੇ ਆਗੂ ਸੋਹਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਮੰਡੀਆਂ ਨੂੰ ਬੰਦ ਕਰਵਾਇਆ ਜਾਣਾ ਹੈ ਤਾਂ ਵੀ ਆਮ ਲੋਕਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਜਾਰੀ ਰੱਖਣ ਲਈ ਦੁਕਾਨਦਾਰਾਂ ਨੂੰ ਆਰਜ਼ੀ ਤੌਰ ’ਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਦੁਕਾਨਾਂ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਦੇ ਨੇੜੇ ਹੀ ਇਹ ਸਾਮਾਨ ਖ਼ਰੀਦ ਸਕਣ। ਉਨ੍ਹਾਂ ਕਿਹਾ ਕਿ ਆਪਣੀ ਮੰਡੀ ਵਿੱਚ ਕਰੀਬ 200 ਦੁਕਾਨਦਾਰ ਸਬਜ਼ੀ ਅਤੇ ਫਲ ਵੇਚਦੇ ਹਨ। ਜਿਨ੍ਹਾਂ ਨੂੰ ਚਾਰ ਜਾਂ ਪੰਜ ਜਣਿਆਂ ਦੇ ਗਰੁੱਪਾਂ ਵਿੱਚ ਵੰਡ ਕੇ ਵੱਖ-ਵੱਖ ਫੇਜ਼ਾਂ ਵਿੱਚ ਆਰਜ਼ੀ ਤੌਰ ’ਤੇ ਬਿਠਾਇਆ ਜਾ ਸਕਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਘਰਾਂ ਨੇੜੇ ਸਬਜ਼ੀ ਤੇ ਫਲ ਮਿਲ ਸਕਣਗੇ ਅਤੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਬੰਦ ਨਹੀਂ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…