Nabaz-e-punjab.com

ਮੁਹਾਲੀ ਏਅਰਪੋਰਟ ਨੇੜੇ ਨਵੀਂ ਟਾਊਨਸ਼ਿਪ ਵਿਕਸਤ ਕਰਨ ਦੀ ਥਾਂ ਪ੍ਰਾਈਵੇਟ ਕਲੋਨਾਈਜ਼ਰਾਂ ਨੂੰ ਸੌਂਪਣ ਦੀ ਤਿਆਰੀ ਵਿੱਚ ਹੈ ਗਮਾਡਾ

ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਬੈਦਵਾਨ ਨੇ ਲਗਾਇਆ ਪ੍ਰਾਜੈਕਟ ਪ੍ਰਾਈਵੇਟ ਕਲੋਨਾਈਜਰਾਂ ਨੂੰ ਦੇਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਦੋਸ਼ ਲਗਾਇਆ ਹੈ ਕਿ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਨਵੀਂ ਟਾਊਨਸ਼ਿਪ ਵਿਕਸਤ ਕਰਨ ਦੀ ਥਾਂ ਗਮਾਡਾ ਵੱਲੋਂ ਇਸ ਪ੍ਰਾਜੈਕਟ ਨੂੰ ਪ੍ਰਾਈਵੇਟ ਕਾਲੋਨਾਈਜ਼ਰਾਂ ਨੂੰ ਸੌਂਪਣ ਦੀ ਤਿਆਰੀ ਕਰ ਲਈ ਗਈ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਪ੍ਰੈਲ 2018 ਵਿੱਚ ਗਮਾਡਾ ਵੱਲੋਂ ਏਅਰਪੋਰਟ ਨੇੜੇ 5300 ਏਕੜ ਜ਼ਮੀਨ ਅਕਵਾਇਰ ਕਰਕੇ ਟਾਊਨਸ਼ਿਪ ਦਾ ਵਿਕਾਸ ਕਰਨ ਦੇ ਐਲਾਨ ਤੋਂ ਬਾਅਦ ਹੁਣ ਇਸ ਕੰਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਕਰ ਲਈ ਗਈ ਹੈ, ਜਿਸ ਦਾ ਇਲਾਕੇ ਦੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ 736 ਏਕੜ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਕੁਝ ਦਿਨ ਪਹਿਲਾਂ ਕਰ ਦਿੱਤਾ ਗਿਆ ਹੈ। ਬਾਕੀ 4600 ਏਕੜ ਦਾ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਗਮਾਡਾ ਨੇ ਅਪ੍ਰੈਲ ਵਿੱਚ ਕੈਬਨਿਟ ਵਿੱਚ ਪਾਸ ਹੋਣ ਉਪਰੰਤ ਸਕੀਮ ਕੱਢੀ ਸੀ ਜਿਸ ਅਧੀਨ ਏਅਰੋਸਿਟੀ 2 ਪ੍ਰੋਜੈਕਟ ਤਹਿਤ ਕਿਸਾਨਾਂ ਤੋਂ ਲੈਂਡਪੂਲਿੰਗ ਤਹਿਤ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ। ਇਸ ਤੋਂ ਬਾਅਦ ਧਾਰਾ 4 ਤਹਿਤ ਕਿਸਾਨਾਂ ਨੂੰ ਨੋਟਿਸ ਵੀ ਹੋ ਗਿਆ। ਗਮਾਡਾ ਨੇ ਇਸ ਸਬੰਧੀ ਇਸ਼ਤਿਹਾਰਬਾਜੀ ਵੀ ਕੀਤੀ, ਫਾਰਮ ਵੀ ਛਾਪੇ ਅਤੇ ਜਿਮੀਦਾਰਾਂ ਨੇ ਉਹ ਵੀ ਭਰ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਹੁਣ ਇਸ ਲੈਂਡ ਪੂਲਿੰਗ ਸਕੀਮ ਨੂੰ ਗਮਾਡਾ ਰਾਹੀਂ ਐਕਵਾਇਰ ਕਰਨ ਦੀ ਥਾਂ ਪ੍ਰਾਈਵੇਟ ਹੱਥਾਂ ਵਿਚ ਕਾਲੋਨੀਜਰਾਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੁੱਝ ਨਿੱਜੀ ਤੌਰ ਤੇ ਕਾਲੋਨੀਆਂ ਵਿਕਸਿਤ ਕਰਨ ਵਾਲੀਆਂ ਕੰਪਨੀਆਂ ਵਾਲੇ ਭੋਲੇ ਭਾਲੇ ਕਿਸਾਨਾਂ ਦੀਆਂ ਜਮੀਨਾਂ ਤੇ ਸਿਰਫ ਬਿਆਨੇ ਲਗਾ ਕੇ ਅਦਾਲਤੀ ਚੱਕਰ ਕਟਵਾ ਰਹੇ ਹਨ।
ਉਨ੍ਹਾਂ ਇਲਜਾਮ ਲਗਾਇਆ ਕਿ ਇਸ ਖੇਤਰ ਵਿੱਚ ਭੂ-ਮਾਫੀਆ ਪਹਿਲਾਂ ਵੀ (2001-06 ਦਰਮਿਆਨ) ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਹੀ ਆਇਆ ਸੀ ਅਤੇ ਜ਼ਮੀਨਾਂ ਦੀਆਂ ਕੀਮਤਾਂ ਉੱਚੇ ਚੁੱਕੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਫਿਰ ਭੂ-ਮਾਫੀਆ ਤਕੜਾ ਹੁੰਦਾ ਜਾ ਰਿਹਾ ਹੈ ਅਤੇ ਇਹ ਸਭ ਕੁਝ ਪੰਜਾਬ ਸਰਕਾਰ ਦੇ ਕੁਝ ਕੁ ਮੰਤਰੀਆਂ ਦੀ ਸ਼ਹਿ ਤੇ ਹੋ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਲੋਨਾਈਜਰਾਂ ਨੇ ਵਿਕਸਤ ਕੀਤੇ ਸੈਕਟਰਾਂ ਵਿੱਚ ਕੋਈ ਕਮਿਊਨਟੀ ਸੈਂਟਰ, ਖੇਡ ਮੈਦਾਨ, ਧਾਰਮਿਕ ਅਸਥਾਨ ਤੱਕ ਨਹੀਂ ਛੱਡੇ ਜਦੋਂਕਿ ਪੰਚਾਇਤੀ ਜਮੀਨਾਂ ਉੱਤੇ ਇਨ੍ਹਾਂ ਕਾਲੋਨਾਈਜਰਾਂ ਨੇ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਗਮਾਡਾ ਦੇ ਇਕ ਉੱਚ ਅਧਿਕਾਰੀਆਂ ਦੀ ਸਹਿਮਤੀ ਨਾ ਹੋਣ ਕਾਰਨ ਜਮੀਨ ਦੀ ਨੋਟੀਫਿਕੇਸ਼ਨ ਕੈਂਸਲ ਨਹੀਂ ਹੋ ਸਕੀ। ਨਹੀਂ ਤਾਂ ਇਹ ਪ੍ਰੋਜੈਕਟ ਕੁਝ ਮੰਤਰੀਆਂ ਨੇ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦਾ ਕਿਸਾਨ ਸਿਰਫ਼ ਤੇ ਸਿਰਫ਼ ਗਮਾਡਾ ਦੇ ਹੱਥਾਂ ਵਿੱਚ ਹੀ ਆਪਣਾ ਭਵਿੱਖ ਸੁਰੱਖਿਅਤ ਸਮਝਦਾ ਹੈ ਅਤੇ ਕਿਸੇ ਵੀ ਪ੍ਰਾਈਵੇਟ ਕਾਲੋਨਾਈਜਰ ਨੂੰ ਜ਼ਮੀਨ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਈਵੇਟਾਈਜੇਸ਼ਨ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ੍ਰੀ ਸੋਹਾਣਾ ਨੇ ਕਿਹਾ ਕਿ ਸੈਕਟਰ-88 ਅਤੇ ਸੈਕਟਰ-89 ਗਮਾਡਾ ਵੱਲੋਂ ਪਹਿਲਾਂ ਹੀ ਅਕਵਾਇਰ ਹਨ ਅਤੇ ਇਸ ਦੀ ਲੈਂਡ ਪੁਲਿੰਗ ਦਾ ਲਾਭ ਜਿਮੀਦਾਰ ਲੈ ਚੁੱਕੇ ਹਨ, ਪਰ ਪਿਛਲੇ ਦਿਨੀਂ ਜਦੋਂ ਉਨ੍ਹਾਂ ਦੇ ਡਰਾਅ ਨਿਕਲੇ ਤਾਂ ਜਿਨ੍ਹਾਂ ਜਿਮੀਦਾਰਾਂ ਦੇ ਕਾਰਨਰ ਜਾਂ ਫੇਸਿੰਗ ਪਾਰਕ ਪਲਾਟ ਡਰਾਅ ਵਿੱਚ ਨਿਕਲੇ, ਉਨ੍ਹਾਂ ਨੂੰ ਗਮਾਡਾ ਵੱਲੋਂ 10 ਫੀਸਦੀ ਕੀਮਤ ਜਮ੍ਹਾਂ ਕਰਵਾਉਣ ਲਈ ਨੋਟਿਸ ਕੱਢੇ ਜਾ ਰਹੇ ਹਨ ਜੋ ਕਿ ਜਿਮੀਦਾਰਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਪਲਾਟ ਭਾਵੇਂ ਡਰਾਅ ਰਾਹੀਂ ਕੱਢੇ ਗਏ ਹਨ ਪਰ ਇਹ ਪਲਾਟ ਅਲਾਟ ਨਹੀਂ ਹੋਏ ਬਲਕਿ ਲੈਂਡ ਪੁਲਿੰਗ ਤਹਿਤ ਮਿਲੇ ਹਨ। ਇਸ ਲਈ ਗਮਾਡਾ ਇਸਦਾ ਵਾਧੂ ਪੈਸਾ ਨਹੀਂ ਮੰਗ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਇਹ ਨੋਟਿਸ ਵਾਪਸ ਨਾ ਲਏ ਤਾਂ ਉਹ ਇਸ ਦੇ ਖ਼ਿਲਾਫ਼ ਸੰਘਰਸ਼ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਅਦਾਲਤ ਦਾ ਦਰਵਾਜਾ ਵੀ ਖੜਕਾਉਣਗੇ।
ਇਸ ਮੌਕੇ ਭਾਜਪਾ ਕੌਂਸਲਰ ਅਰੁਣ ਸ਼ਰਮਾ, ਨੰਬਰਦਾਰ ਸੁੱਚਾ ਸਿੰਘ ਸੈਣੀਮਾਜਰਾ, ਯੂਥ ਆਗੂ ਜਸਪ੍ਰੀਤ ਸਿੰਘ ਸੋਨੀ ਬੜੀ, ਕਰਮਜੀਤ ਸਿੰਘ ਕੰਮਾਂ ਬੜੀ, ਗੁਰਪ੍ਰਾਤ ਸਿੰਘ ਬੜੀ, ਨੰਬਰਦਾਰ ਮੋਹਨ ਸਿੰਘ ਸਿਆਓੂ, ਬਹਾਦਰ ਸਿੰਘ ਪੱਤੋੱ, ਹਰਨੇਕ ਸਿੰਘ ਸਿਆਊ, ਗੁਰਵਿੰਦਰ ਸਿੰਘ ਸਿਆਊ, ਗੁਰਮੀਤ ਸਿੰਘ, ਹਰਚੰਦ ਸਿੰਘ ਪੰਚ, ਅਸ਼ੋਕ ਕਮਾਰ, ਨਰਿੰਦਰ ਸਿੰਘ, ਜੀਤ ਸਿੰਘ ਪੱਤੋੱ, ਦਮਨਪ੍ਰੀਤ ਸਿੰਘ ਪ੍ਰੇਮਗੜ੍ਹ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…