ਵਿਕਾਸ ਤੇ ਮਜ਼ਬੂਤ ਬੁਨਿਆਦੀ ਢਾਂਚੇ ਨਾਲ ਬਦਲੀ ਜਾਵੇਗੀ ਸਨਅਤੀ ਖੇਤਰ ਦੀ ਨੁਹਾਰ: ਮੇਅਰ ਜੀਤੀ ਸਿੱਧੂ

ਨਗਰ ਨਿਗਮ ਵੱਲੋਂ 3 ਕਰੋੜ 20 ਲੱਖ ਦੀ ਲਾਗਤ ਨਾਲ ਸਨਅਤੀ ਖੇਤਰ ’ਚ ਸ਼ੁਰੂ ਕਰਵਾਏ ਵਿਕਾਸ ਦੇ ਕੰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਐਲਾਨ ਕੀਤਾ ਹੈ ਕਿ ਸਰਬਪੱਖੀ ਵਿਕਾਸ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨਾਲ ਇੱਥੋਂ ਦੇ ਸਨਅਤੀ ਖੇਤਰ ਦੀ ਨੁਹਾਰ ਬਦਲੀ ਜਾਵੇਗੀ। ਅੱਜ ਸਨਅਤੀ ਖੇਤਰ ਫੇਜ਼-8ਏ ਅਤੇ ਫੇਜ਼-8ਬੀ ਵਿੱਚ ਵੱਡੇ ਪੱਧਰ ਉੱਤੇ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਮੇਅਰ ਨੇ ਕਿਹਾ ਕਿ ਸਨਅਤੀ ਖੇਤਰ ਤੋਂ ਨਗਰ ਨਿਗਮ ਨੂੰ ਵੱਡੇ ਪੱਧਰ ’ਤੇ ਮਾਲੀਆ ਆਉਂਦਾ ਹੈ ਪਰ ਇਹ ਖੇਤਰ ਪੀਐਸਆਈਈਸੀ ਦੇ ਅਧੀਨ ਹੋਣ ਕਾਰਨ ਇੱਥੇ ਨਗਰ ਨਿਗਮ ਵਿਕਾਸ ਕਾਰਜ ਨਹੀਂ ਸੀ ਕਰਵਾ ਸਕਦੀ, ਪ੍ਰੰਤੂ ਹੁਣ ਇਸ ਖੇਤਰ ਨੂੰ ਮੁਹਾਲੀ ਨਿਗਮ ਦੇ ਅਧੀਨ ਲੈ ਕੇ ਫੈਕਟਰੀ ਏਰੀਆ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਪਹਿਲੇ ਸਮੇਂ ਵਿੱਚ ਸਨਅਤੀ ਖੇਤਰ ਬੁਰੀ ਤਰ੍ਹਾਂ ਅਣਗੌਲਿਆ ਰਿਹਾ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਨਗਰ ਨਿਗਮ ਵੱਲੋਂ ਇੱਥੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ਫੇਜ਼-8ਏ ਅਤੇ ਫੇਜ਼-8ਬੀ ਵਿੱਚ 3 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਸਮੁੱਚੀਆਂ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਕੁਝ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਮੁੱਖ ਸੜਕਾਂ ਦੇ ਦੋਵੇਂ ਪਾਸੇ ਵਧੀਆ ਫੁੱਟਪਾਥ ਬਣਾਏ ਜਾ ਰਹੇ ਹਨ ਤਾਂ ਜੋ ਪੈਦਲ ਰਾਹਗੀਰਾਂ ਨੂੰ ਵੀ ਆਉਣ ਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਟਰੀਟ ਲਾਈਟਾਂ ਸਮੇਤ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ਨੂੰ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਬਣੀ ਨਵੀਂ ਟੀਮ ਤੋਂ ਪੂਰੀਆਂ ਆਸਾਂ ਹਨ। ਉਨ੍ਹਾਂ ਕਿਹਾ ਕਿ ਉਹ ਸਮੇਂ ਸਮੇਂ ਸਿਰ ਸਨਅਤੀ ਖੇਤਰ ਵਿੱਚ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਦਿੰਦੇ ਰਹੇ ਹਨ ਅਤੇ ਸਨਅਤਕਾਰਾਂ ਦੀਆਂ ਲੋੜਾਂ ਅਨੁਸਾਰ ਹੀ ਇੱਥੇ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇ ਐਮਆਈਏ ਦੇ ਪ੍ਰਧਾਨ ਅਨੁਰਾਗ ਅਗਰਵਾਲ ਨੇ ਮੇਅਰ ਜੀਤੀ ਸਿੱਧੂ ਦਾ ਸਨਅਤੀ ਏਰੀਆ ਦਾ ਵਿਕਾਸ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸਨਅਤਕਾਰ ਸੰਜੀਵ ਕੁਮਾਰ, ਨਗਰ ਨਿਗਮ ਦੇ ਐਕਸੀਅਨ ਸੁਨੀਲ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …