
ਮੇਅਰ ਜੀਤੀ ਸਿੱਧੂ ਨੇ ਸੈਕਟਰ-69 ਤੇ ਸੋਹਾਣਾ ਵਿੱਚ ਵਿਕਾਸ ਕੰਮ ਸ਼ੁਰੂ ਕਰਵਾਏ
ਮੁਹਾਲੀ ਵਿੱਚ ਬਿਨਾਂ ਪੱਖਪਾਤ ਤੇ ਪਾਰਦਰਸ਼ੀ ਵਿਕਾਸ ਕਾਰਜ ਮੇਰੀ ਨੈਤਿਕ ਜ਼ਿੰਮੇਵਾਰੀ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੋਹਾਣਾ ਅਤੇ ਸੈਕਟਰ-69 ਵਿਚ 30 ਲੱਖ ਰੁਪਏ ਦੇ ਪੇਵਰ ਬਲਾਕਾਂ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਸ਼ਹਿਰ ਦੇ ਵਿਕਾਸ ਕਾਰਜ ਉਨ੍ਹਾਂ ਦੀ ਜ਼ਿੰਮੇਵਾਰੀ ਹਨ ਉਥੇ ਇਸ ਦੇ ਤਹਿਤ ਵੱਖ ਵੱਖ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਕੋਲ ਫੰਡਾਂ ਦੀ ਥੁੜ੍ਹ ਦੇਖਦੇ ਹੋਏ ਵੱਖ-ਵੱਖ ਵਸੀਲਿਆਂ ਰਾਹੀਂ ਫੰਡ ਅਰਜਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਤੋਂ ਆਉਣ ਵਾਲੀਆਂ ਵੱਡੀਆਂ ਰਕਮਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਇਹ ਰਾਸ਼ੀ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਨਗਰ ਨਿਗਮ ਨੂੰ ਦਿਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਵਿਚ ਵਿਤਕਰਾ ਰਹਿਤ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਪੂਰੀ ਪਾਰਦਰਸ਼ਤਾ ਦਾ ਧਿਆਨ ਵਿਕਾਸ ਪੱਖੋਂ ਰੱਖਿਆ ਜਾ ਰਿਹਾ ਹੈ ਕਿਉਂਕਿ ਪੂਰੇ ਸ਼ਹਿਰ ਨੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਤੇ ਉਨ੍ਹਾਂ ਦੀ ਟੀਮ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਹਰ ਉਪਰਾਲਾ ਕਰ ਰਹੀ ਹੈ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ, ਬੂਟਾ ਸਿੰਘ ਸੋਹਾਣਾ, ਮਾ. ਸੁਖਦੇਵ ਸਿੰਘ, ਹਰਦਿਆਲ ਚੰਦ, ਗੁਰਮੀਤ ਸਿੰਘ, ਤਰਨਜੀਤ ਸਿੰਘ ਤੇ ਸੈਕਟਰ-69 ਤੋਂ ਪ੍ਰੋ. ਗੁਰਮੁੱਖ ਸਿੰਘ, ਚੈਰੀ ਸਿੱਧੂ ਤੇ ਹੋਰ ਪਤਵੰਤਿਆਂ ਸਮੇਤ ਨਗਰ ਨਿਗਮ ਦੀ ਇੰਜੀਨੀਅਰਿੰਗ ਟੀਮ ਦੇ ਅਧਿਕਾਰੀ ਹਾਜ਼ਰ ਸਨ।