
ਪੰਜਾਬ ਵਿੱਚ ਸਮਾਂਬੱਧ ਪੂਰੇ ਕੀਤੇ ਜਾਣ ਵਿਕਾਸ ਕਾਰਜ, ਅਧਿਕਾਰੀ ਖ਼ੁਦ ਨਿਗਰਾਨੀ ਰੱਖਣ: ਬਾਜਵਾ
ਵਿਕਾਸ ਕਾਰਜਾਂ ’ਤੇ ਖਰਚ ਕੀਤੇ ਜਾਂਦੇ ਪੈਸੇ ਨਾਲ ਵਿਕਾਸ ਕਾਰਜ਼ ਦਿਖਣੇ ਚਾਹੀਦੇ ਹਨ: ਤ੍ਰਿਪਤ ਬਾਜਵਾ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਮਈ:
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਮੱੁਚੇ ਅਫਸਰਾਂ ਨਾਲ ਪਲੇਠੀ ਮੀਟਿੰਗ ਮੌਕੇ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ਼ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾਣ। ਉਨ੍ਹਾਂ ਨਾਲ ਹੀ ਕਿਹਾ ਕਿ ਗ੍ਰਾਂਟਾ ਦੀ ਵਰਤੋ ਸਹੀ ਢੰਗ ਨਾਲ ਵਰਤੋ ਕੀਤੀ ਜਾਵੇ ਅਤੇ ਸੀਨੀਅਰ ਅਫਸਰ ਖੁਦ ਪਿੰਡਾਂ ਵਿਚ ਜਾ ਕੇ ਚੱਲ ਰਹੇ ਵਿਕਾਸ ਕਾਰਜਾਂ ਦੀ ਅਚਨਚੇਤ ਚੈਕਿੰਗ ਕਰਨ। ਸ. ਬਾਜਵਾ ਨੇ ਕਿਹਾ ਕਿ ਵਿਕਾਸ ਕਾਰਜਾਂ ‘ਤੇ ਖਰਚ ਕੀਤੇ ਜਾਂਦੇ ਪੈਸੇ ਨਾਲ ਵਿਕਾਸ ਕਾਰਜ਼ ਦਿਖਣੇ ਚਾਹੀਦੇ ਹਨ ਅਤੇ ਵਿਕਾਸ ਕਾਰਜਾਂ ਦੇ ਨਾਮ ‘ਤੇ ਘਟੀਆਂ ਮਟੀਅਰਲ ਵਰਤ ਕੇ ਪੈਸੇ ਦੀ ਬਰਬਾਦੀ ਤੋਂ ਪਰਹੇਜ ਕੀਤਾ ਜਾਵੇ। ਉਨ੍ਹਾਂ ਨਾਲ ਹੀ ਸੀਨੀਅਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਸਾਰੇ ਵਿਕਾਸ ਕਾਰਜਾਂ ਦੀ ਨਿਗਰਾਨੀ ਖੁਦ ਕਰਨ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਠੇਕੇਦਾਰਾਂ ਨੂੰ ਬਲੈਕਿਸਟ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਦਿੱਤੇ ਜਾਂਦੇ ਟੀਚੇ ਅਤੇ ਵਿਕਾਸ ਕਾਰਜ ਸਮਾਂਬੱਧ ਪੂਰੇ ਕੀਤੇ ਜਾਣ।
ਸ੍ਰੀ ਬਾਜਵਾ ਨੇ ਵਿਭਾਗ ਦੇ ਅਫਸਰਾਂ ਨੂੰ ਕਿਹਾ ਕਿ ਦਫਤਰਾਂ ਵਿਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਹਿਜ ਨਾਲ ਸੁਣਿਆ ਜਾਵੇ ਅਤੇ ਹੱਲ ਕਰਨ ਦੇ ਸੁਹਿਰਦ ਯਤਨ ਕੀਤੇ ਜਾਣ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵਿਚ ਕੋਈ ਵੀ ਫਾਈਲ ਕਿਸੇ ਵੀ ਪੱਧਰ ‘ਤੇ ਪੈਂਡਿੰਗ ਨਾ ਰੱਖੀ ਜਾਵੇ, ਬੇਵਜਾ ਆਪਣੇ ਕੋਲ ਫਾਈਲਾਂ ਦੱਬ ਕੇ ਰੱਖਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ. ਬਾਜਵਾ ਨੇ ਕੀਤੇ ਗਏ ਕੰਮਾਂ ਦੇ ਵਰਤੋ ਸਰਟੀਫਿਕੇਟ ਜਮਾਂ ਨਾ ਕਰਵਾਉਣ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਵਰਤੋ ਸਰਟੀਫਿਕੇਟ ਜਮਾਂ ਕਰਵਾ ਦਿੱਤੇ ਜਾਣ ਅਜਿਹਾ ਨਾ ਕਰਨ ਵਾਲਿਆਂ ਦੇ ਖਿਲਾਫ ਸਖਤ ਵਿਭਾਗੀ ਕਾਰਵਈ ਕੀਤੀ ਜਾਵੇਗੀ। ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵਲੋਂ ਪੰਚਾਇਤ ਸਕੱਤਰਾਂ ਵਲੋਂ ਕਾਫੀ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਪਹਿਲਾਂ ਕੀਤੇ ਗਏ ਕੰਮਾਂ ਦੇ ਵਰਤੋ ਸਰਟੀਫਿਕੇਟ ਜਮਾਂ ਨਾ ਕਰਵਾਉਣ ਕਾਰਨ ਆਡਿਟ ਕਰਨ ਵਿਚ ਆ ਰਹੀ ਮੁਸ਼ਕਿਲ ਦਾ ਮਾਮਲਾ ਵੀ ਪੰਚਾਇਤ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ। ਜਿਸ ਬਾਰੇ ਪੰਚਾਇਤ ਮੰਤਰੀ ਨੇ ਕਿਹਾ ਕਿ ਵਰਤੋ ਸਰਟੀਫਿਕੇਟ ਨਾ ਦੇਣ ਵਾਲੇ ਪੰਚਾਇਤ ਸਕੱਤਰਾਂ ਖਿਲਾਫ ਕਾਰਵਾਈ ਲਈ ਤੁਰੰਤ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਲਿਖਿਆ ਜਾਵੇ।
ਪੰਚਾਇਤ ਮੰਤਰੀ ਨੇ ਇਨਾਂ ਦਿਨਾਂ ਵਿਚ ਖੇਤੀਯੋਗ ਸ਼ਾਮਲਾਤ ਪੰਚਾਇਤੀ ਜਮੀਨਾਂ ਨੂੂੰ ਠੇਕੇ ‘ਤੇ ਦੇਣ ਬਾਰੇ ਅਧਿਕਾਰੀਆਂ ਨੂੰ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੀ ਬੋਲੀ ਪਾਰਦਸਰਸ਼ੀ ਢੰਗ ਨਾਲ ਕਰਕੇ ਆਮਦਨ ਵਿਚ ਵਾਧਾ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਕਾਰਵਾਈ ਨੂੰ 31 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੀ.ਸਿੱਬਨ ਡਾਇਰੈਕਰਟਰ-ਕਮ ਸੰਝੁਕਤ ਕਮਿਸ਼ਨਰ ਵਿਕਾਸ, ਸ੍ਰੀਮਤੀ ਰਮਿੰਦਰ ਬੁੱਟਰ ਸੰਝੁਕਤ ਡਾਇਰੈਕਟਰ, ਵੱਖ ਵੱਖ ਜਿਲਿਆਂ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਗੁਰਮੀਤ ਸਿੰਘ, ਸ੍ਰੀ ਜੋਗਿੰਦਰ ਕੁਮਾਰ, ਸ੍ਰੀ ਸਰਬਜੀਤ ਸਿੰਘ ਵਾਲੀਆ ਅਤੇ ਪੁਸ਼ਪਿੰਦਰ ਗਰੇਵਾਲ (ਸਾਰੇ ਡਿਪਟੀ ਡਾਇਰੈਕਟਰ), ਸ੍ਰੀ ਸੁਰਿੰਦਰਪਾਲ ਸਿੰਘ ਆਂਗਰਾ, ਸ਼੍ਰੀ ਵਿਨੋਦ ਕੁਮਾਰ ਗਾਗਟ ਅਤੇ ਹਰਿੰਦਰ ਸਿੰਘ ਸਰਾਂ (ਸਾਰੇ ਡਵੀਜ਼ਨਲ ਡਿਪਟੀ ਡਾਇਰੈਕਟਰ) ਅਤੇ ਸਾਰੇ ਜ਼ਿਲਿਆਂ ਦੇ ਡੀ.ਡੀ.ਪੀ.ਓ ਮੌਜੂਦ ਸਨ।