
‘ਆਪ’ ਵਿਧਾਇਕ ਦੇ ਸਮਰਥਕ ਕੌਂਸਲਰ ਦੇ ਵਾਰਡ ਵਿੱਚ ਮੇਅਰ ਜੀਤੀ ਸਿੱਧੂ ਨੇ ਸ਼ੁਰੂ ਕਰਵਾਏ ਵਿਕਾਸ ਕਾਰਜ
ਇਲਾਕਾ ਵਾਸੀਆਂ ਦੀ ਲੋੜ ਅਨੁਸਾਰ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ ਹੋਰ ਵਿਕਾਸ ਕਾਰਜ: ਜੀਤੀ ਸਿੱਧੂ
ਇਲਾਕੇ ਨੂੰ ਨਹਿਰੀ ਪਾਣੀ ਸਪਲਾਈ ਨਾਲ ਜੋੜਨ ਲਈ ਮੇਅਰ ਤੇ ਸਮੁੱਚੀ ਟੀਮ ਦਾ ਕੀਤਾ ਧੰਨਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੋਂ ਦੇ ਵਾਰਡ ਨੰਬਰ-17 ਵਿੱਚ ਆਜ਼ਾਦ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਮਰਥਕ ਬੀਬਾ ਰਾਜਵੀਰ ਕੌਰ ਗਿੱਲ ਦੇ ਉਪਰਾਲਿਆਂ ਸਦਕਾ ਪਾਸ ਕੀਤੇ ਗਏ ਪੇਵਰ ਬਲਾਕ ਅਤੇ ਹੋਰ ਵਿਕਾਸ ਕਾਰਜਾਂ ਦੀ ਆਰੰਭਤਾ ਕਰਵਾਈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕੌਂਸਲਰ ਰਾਜਵੀਰ ਕੌਰ ਗਿੱਲ ਦੇ ਹੱਥੋਂ ਹੀ ਟੱਕ ਲਗਵਾ ਕੇ ਵਿਕਾਸ ਕੰਮ ਦੀ ਸ਼ੁਰੂਆਤ ਕਰਵਾਈ। ਮੇਅਰ ਜੀਤੀ ਸਿੱਧੂ ਨੇ ਬੀਬਾ ਗਿੱਲ ਦੇ ਵਾਰਡ ਵਿੱਚ ਵਿਕਾਸ ਕੰਮ ਸ਼ੁਰੂ ਕਰਵਾ ਕੇ ਵਿਰੋਧੀ ਧਿਰ ਨੂੰ ਉਨ੍ਹਾਂ ਦੋਸ਼ਾਂ ਦਾ ਮੋੜਵਾ ਜਵਾਬ ਦਿੱਤਾ ਹੈ, ਜਿਨ੍ਹਾਂ ਰਾਹੀਂ ਵਿਰੋਧੀ ਧਿਰ ਹਮੇਸ਼ਾ ਹੀ ਕਾਬਜ਼ ਧਿਰ ਉੱਤੇ ਵਿਰੋਧੀ ਧਿਰ ਦੇ ਵਾਰਡਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦੇ ਆਏ ਹਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਵਾਰਡ ਵਿੱਚ ਫੇਜ਼-10 ਅਤੇ ਫੇਜ਼-11 ਦਾ ਇਲਾਕਾ ਆਉਂਦਾ ਹੈ ਅਤੇ ਇੱਥੇ ਪੇਵਰ ਬਲਾਕਾਂ ਦੇ ਕੰਮ ਦੇ ਨਾਲ ਨਾਲ ਪਾਰਕ ਦੇ ਵਿਕਾਸ ਕਾਰਜ ਆਰੰਭ ਕਰਵਾਏ ਗਏ ਹਨ ਅਤੇ ਲੋਕਾਂ ਦੀ ਲੋੜ ਨੂੰ ਦੇਖਦੇ ਹੋਏ ਪਾਰਕ ਦੀ ਗਰਿੱਲ ਨੂੰ ਅੰਦਰ ਕਰਵਾ ਕੇ ਪਾਰਕਿੰਗ ਦੀ ਜਗ੍ਹਾ ਵਧਾਈ ਗਈ ਹੈ। ਇਸ ਨਾਲ ਪਾਰਕਿੰਗ ਦੀ ਸਮੱਸਿਆ ਹੱਲ ਹੋਵੇਗੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਉੱਤੇ ਲਗਪਗ 18 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਾਰਡ ਦੇ ਵਸਨੀਕਾਂ ਨਾਲ ਵਿਚਾਰ ਵਟਾਂਦਰੇ ਅਨੁਸਾਰ ਇੱਥੋਂ ਦੇ ਹੋਰ ਵਿਕਾਸ ਕਾਰਜ ਵੀ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ।
ਇਸ ਮੌਕੇ ਕੌਂਸਲਰ ਰਾਜਵੀਰ ਕੌਰ ਗਿੱਲ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮੇਅਰ ਜੀਤੀ ਸਿੱਧੂ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਇਸ ਇਲਾਕੇ ਨੂੰ ਵੀ ਹੁਣ ਨਹਿਰੀ ਪਾਣੀ ਦੀ ਸਪਲਾਈ ਆਰੰਭ ਹੋ ਗਈ ਹੈ, ਜਿਸ ਨਾਲ ਦੁਪਹਿਰ ਵੇਲੇ ਵੀ ਹੁਣ ਪਾਣੀ ਦੀ ਸਪਲਾਈ ਇਲਾਕਾ ਵਾਸੀਆਂ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੀ ਨਵੀਂ ਚੁਣੀ ਟੀਮ ਵੱਲੋਂ ਵਿਤਕਰਾ ਰਹਿਤ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਮੌਕੇ ਸਿਮਰਤ ਸਿੰਘ ਗਿੱਲ, ਇੰਦਰ ਮੋਹਨ ਚਾਵਲਾ, ਗੁਰਮੀਤ ਸਿੰਘ ਸਿੱਧੂ, ਦਿਲਬਾਗ ਸਿੰਘ, ਸੁਰਿੰਦਰ ਚੌਹਾਨ, ਇੰਦਰਜੀਤ ਸਿੰਘ, ਗੁਰਇਕਬਾਲ ਸਿੰਘ, ਜਸਮੀਤ ਸਿੰਘ, ਜੈ ਪ੍ਰਤਾਪ ਕੰਗ, ਅਮਨ ਬੈਦਵਾਨ ਸਮੇਤ ਹੋਰ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।