
ਮੇਅਰ ਜੀਤੀ ਸਿੱਧੂ ਨੇ ਵੱਖ-ਵੱਖ ਵਾਰਡਾਂ ਵਿੱਚ ਸ਼ੁਰੂ ਕਰਵਾਏ ਵਿਕਾਸ ਕਾਰਜ
ਬਾਵਾ ਵਾਈਟਹਾਊਸ ਤੋਂ ਕੁੰਭੜਾ ਸੜਕ ਦੇ ਬਹੁ-ਕਰੋੜੀ ਕੰਮ ਦੀ ਕੀਤੀ ਨਜ਼ਰਸਾਨੀ, ਠੇਕੇਦਾਰਾਂ ਨੂੰ ਹਦਾਇਤਾਂ ਜਾਰੀ
ਸ਼ਹਿਰ ਦੇ ਦੋ ਵਾਰਡਾਂ ਵਿੱਚ ਕੀਤਾ ਨਵੇਂ ਓਪਨ ਏਅਰ ਜਿਮਾਂ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਵੱਖ-ਵੱਖ ਵਾਰਡਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮ ਸ਼ੁਰੂ ਕਰਵਾਏ ਗਏ ਅਤੇ ਦੋ ਵਾਰਡਾਂ ਵਿੱਚ ਨਵੇਂ ਓਪਨ ਏਅਰ ਜਿਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ। ਉਨ੍ਹਾਂ ਨੇ ਬਾਵਾ ਵਾਈਟ ਹਾਊਸ ਤੋਂ ਕੁੰਭੜਾ ਚੌਕ ਤੱਕ ਸੀਵਰੇਜ ਪਾਉਣ ਕਾਰਨ ਪੁੱਟੀ ਸੜਕ ਨੂੰ ਨਵੇਂ ਸਿਰਿਓਂ ਬਣਾ ਰਹੇ ਠੇਕੇਦਾਰ ਦੇ ਕੰਮ ਦੀ ਵੀ ਨਜ਼ਰਸਾਨੀ ਕੀਤੀ ਅਤੇ ਇਸ ਕੰਮ ਨੂੰ ਜਲਦੀ ਮੁਕੰਮਲ ਕਰਨ ਅਤੇ ਵਧੀਆ ਮਟੀਰੀਅਲ ਇਸਤੇਮਾਲ ਕਰਨ ਬਾਰੇ ਹਦਾਇਤਾਂ ਦਿੱਤੀਆਂ।
ਜੀਤੀ ਸਿੱਧੂ ਨੇ ਕਿਹਾ ਕਿ ਇਹ 10 ਕਰੋੜ ਰੁਪਏ ਦਾ ਵੱਕਾਰੀ ਪ੍ਰਾਜੈਕਟ ਹੈ ਅਤੇ ਇਸ ਕੰਮ ਵਿੱਚ ਦੇਰੀ ਅਤੇ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਠੇਕੇਦਾਰਾਂ ਨੂੰ ਕਿਹਾ ਕਿ ਮਿੱਟੀ ਦੀ ਲੇਅਰਿੰਗ ਬਿਲਕੁਲ ਸਹੀ ਮਾਤਰਾ ਵਿੱਚ ਕੀਤੀ ਜਾਵੇ ਅਤੇ ਪ੍ਰੀਮਿਕਸ ਦੀ ਮਿਕਦਾਰ ਅਤੇ ਕੁਆਲਿਟੀ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਇੰਜ ਹੀ ਮੇਅਰ ਜੀਤੀ ਸਿੱਧੂ ਨੇ ਮੰਡੀ ਬੋਰਡ ਕਲੋਨੀ ਅਤੇ ਸੈਕਟਰ-66 ਵਿੱਚ ਦੋ ਓਪਨ ਏਅਰ ਜਿਮਾਂ ਦਾ ਉਦਘਾਟਨ ਕੀਤਾ। ਨਾਲ ਹੀ ਫੇਜ਼-11 ਵਿੱਚ ਕੁਲਵੰਤ ਸਿੰਘ ਕਲੇਰ ਦੇ ਵਾਰਡ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਪੇਵਰ ਬਲਾਕਾਂ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ।