
ਵੱਖ-ਵੱਖ ਵਾਰਡਾਂ ਵਿੱਚ 1.5 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ
ਮੁਹਾਲੀ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਨਵਾਂ ਵਰ੍ਹਾ 2021 ਪੂਰੀ ਤਰ੍ਹਾਂ ਵਿਕਾਸ ਨੂੰ ਸਮਰਪਿਤ ਹੋਵੇਗਾ ਅਤੇ ਮੁਹਾਲੀ ਹਲਕੇ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਖਾਕਾ ਤਿਆਰ ਕਰ ਲਿਆ ਗਿਆ ਹੈ। ਉਹ ਅੱਜ ਇੱਥੇ ਫੇਜ਼-5 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਸ਼ਹਿਰੀ ਤੇ ਪੇਂਡੂ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 1 ਕਰੋੜ 44 ਲੱਖ 88 ਹਜ਼ਾਰ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕੀਤੇ ਜਾਣਗੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਫੇਜ਼-5 ਵਿੱਚ ਸਰਕਾਰੀ ਸਕੂਲ ਦੇ ਸਾਹਮਣੇ 14 ਲੱਖ 86 ਹਜ਼ਾਰ ਦੀ ਲਾਗਤ ਨਾਲ ਪੇਵਰ ਬਲਾਕ ਲਗਾਏ ਜਾਣਗੇ ਅਤੇ 13 ਲੱਖ 44 ਹਜ਼ਾਰ ਦੀ ਲਾਗਤ ਨਾਲ ਸਟੇਨਲੈਸ ਸਟੀਲ ਨੰਬਰ ਸਾਇਨ ਬੋਰਡ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜੰਗੀ ਪੱਧਰ ’ਤੇ ਵਿਕਾਸ ਸ਼ੁਰੂ ਕਰਵਾਏ ਗਏ ਹਨ। ਇਹ ਕੰਮ ਮੁਕੰਮਲ ਹੋਣ ਨਾਲ ਸਬੰਧਤ ਖੇਤਰਾਂ ਦਾ ਵਿਕਾਸ ਪੱਖੋਂ ਮੂੰਹ ਮੁਹਾਂਦਰਾ ਬਦਲ ਜਾਵੇਗਾ।
ਉਨ੍ਹਾਂ ਦੱਸਿਆ ਕਿ ਫੇਜ਼-3ਏ ਵਿੱਚ 22 ਲੱਖ 72 ਹਜ਼ਾਰ ਦੀ ਲਾਗਤ ਨਾਲ ਪਾਰਕ ਦਾ ਨਵੀਨੀਕਰਨ, 15 ਲੱਖ 87 ਹਜ਼ਾਰ ਦੀ ਲਾਗਤ ਨਾਲ ਆਰਸੀਸੀ ਸਟਰੋਮ ਲਾਈਨ ਅਤੇ ਮੇਨ ਹੋਲ ਦੀ ਉਸਾਰੀ, 13 ਲੱਖ 30 ਹਜ਼ਾਰ ਰੁਪਏ ਦੀ ਲਾਗਤ ਨਾਲ ਫੇਜ਼-3ਏ ਅਤੇ ਫੇਜ਼-3ਬੀ1 ਵਿੱਚ ਟਰੈਫ਼ਿਕ ਸਿੰਗਲ ਪ੍ਰਬੰਧਨ, ਫੇਜ਼-4 ਵਿੱਚ ਵੱਖ-ਵੱਖ ਗਲੀਆਂ ਵਿੱਚ 15 ਲੱਖ ਦੀ ਲਾਗਤ ਨਾਲ ਸਟੇਨਲੈਸ ਸਟੀਲ ਨੰਬਰ ਸਾਈਨ ਬੋਰਡ, ਪੇਵਰ ਬਲਾਕ ਅਤੇ ਫੁਟਕਲ ਮੁਰੰਮਤ ਦੇ ਕੰਮ, 12 ਲੱਖ 44 ਹਜ਼ਾਰ ਦੀ ਲਾਗਤ ਨਾਲ ਅਤੇ ਪੇਵਰ ਬਲਾਕ, 14.60 ਲੱਖ ਰੁਪਏ ਦੀ ਲਾਗਤ ਨਾਲ ਐਚਐਮ ਮਕਾਨਾਂ ਵਿੱਚ ਡੈਮੇਜ਼ ਪਾਈਪ ਸੀਵਰ, ਨਿਊ ਆਰਸੀਸੀ.ਪਾਈਪ ਸਮੇਤ ਹੋਰ ਕੰਮਾਂ ’ਤੇ 5 ਲੱਖ ਖਰਚੇ ਜਾਣਗੇ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਕਮਲ ਗਰਗ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਕਾਂਗਰਸ ਦੀ ਜਨਰਲ ਸਕੱਤਰ ਬਲਜੀਤ ਕੌਰ, ਰਾਜਾ ਕੰਵਰਜੋਤ ਸਿੰਘ, ਮੁੱਖ ਇੰਜੀਨੀਅਰ ਮੁਕੇਸ਼ ਗਰਗ, ਸਮਾਜ ਸੇਵੀ ਸੁਖਦੀਪ ਸਿੰਘ ਨਿਆਂ ਸ਼ਹਿਰ, ਰੁਪਿੰਦਰ ਕੌਰ, ਮਨਮੋਹਨ ਸਿੰਘ, ਬੂਟਾ ਸਿੰਘ, ਸੁਖਪਾਲ ਸਿੰਘ, ਐਡਵੋਕੇਟ ਰਿਪੁਦਮਨ ਸਿੰਘ, ਰਣਜੀਤ ਸਿੰਘ ਗਿੱਲ, ਗੁਰਮੀਤ ਸਿੰਘ, ਜਗਬੀਰ ਸਿੰਘ ਸਿੱਧੂ, ਅਮਰੀਕ ਸਿੰਘ, ਸੰਦੀਪ ਪੁਰੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।