ਸੋਹਾਣਾ ਸਾਲਾਨਾ ਧਾਰਮਿਕ ਸਮਾਗਮ ਮੌਕੇ ਖੂਨਦਾਨ ਕੈਂਪ ਵਿੱਚ 1496 ਸ਼ਰਧਾਲੂਆਂ ਵੱਲੋਂ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ (ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੇ ਜਨਮ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਜਿਸ ਵਿੱਚ ਭਾਈ ਗੁਰਪ੍ਰੀਤ ਸਿੰਘ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਵੱਲੋਂ ਦੇਸ਼, ਕੌਮ ਅਤੇ ਧਰਮ ਖਾਤਰ ਅੰਗਰੇਜ਼ਾਂ ਨਾਲ ਲੜੀ ਜੰਗ ਵਿੱਚ ਇਸ ਪਵਿੱਤਰ ਅਸਥਾਨ ’ਤੇ ਹਜ਼ਾਰਾਂ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਨ ਦਾ ਪੂਰਾ ਪ੍ਰਸੰਗ ਢਾਡੀ ਵਾਰਾਂ ਵਿੱਚ ਸੁਣਾਇਆ।
ਭਾਈ ਜੁਝਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਪਿੰਦਰਪਾਲ ਸਿੰਘ ਲੁਧਿਆਣਾ ਵਾਲੇ, ਗਿਆਨੀ ਜਸਵੰਤ ਸਿੰਘ ਸ੍ਰੀ ਦਰਬਾਰ ਸਾਹਿਬ, ਮੀਰੀ ਪੀਰੀ ਖਾਲਸਾ ਜਥਾ ਜਗਾਧਰੀ ਵਾਲੇ, ਭਾਈ ਮਹਿਲ ਸਿੰਘ ਦੇ ਇੰਟਰਨੈਸ਼ਨਲ ਕਵੀਸ਼ਰੀ ਜਥਾ, ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਅਨੰਦਪੁਰ ਸਾਹਿਬ ਤੇ ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ, ਭਾਈ ਕੁਲਦੀਪ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ, ਭਾਈ ਅਮਰਜੀਤ ਸਿੰਘ ਖਾਲਸਾ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਾਰੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਈ ਪ੍ਰਕਾਰ ਦੀਆਂ ਮਿਠਾਈਆਂ, ਪਕਵਾਨਾਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਪ੍ਰਬੰਧਕ ਕਮੇਟੀ ਦੇ ਮੁਖੀ ਸ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੀ ਯਾਦ ਵਿੱਚ ਮਾਨਵਤਾ ਦੇ ਭਲੇ ਲਈ ਮੈਗਾ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ ਪੀਜੀਆਈ, ਜਨਰਲ ਹਸਪਤਾਲ ਸੈਕਟਰ-16, ਸਰਕਾਰੀ ਹਸਪਤਾਲ ਸੈਕਟਰ-32, ਰੋਟਰੀ ਬਲੱਡ ਬੈਂਕ ਸੈਕਟਰ-37, ਸੋਹਾਣਾ ਆਈ ਹਸਪਤਾਲ, ਸਰਕਾਰੀ ਹਸਪਤਾਲ ਮੁਹਾਲੀ, ਸਰਕਾਰੀ ਹਸਪਤਾਲ ਖਰੜ, ਮੈਕਸ ਹਸਪਤਾਲ ਅਤੇ ਆਈਵੀਵਾਈ ਹਸਪਤਾਲ ਦੇ ਬਲੱਡ ਬੈਂਕ ਦੀਆਂ ਟੀਮਾਂ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ। ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਵਿੱਚ 1496 ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਗੁਰਦੁਆਰਾ ਕਮੇਟੀ ਨੇ ਸਾਰੇ ਖੂਨਦਾਨੀਆਂ ਨੂੰ ਦੇਸੀ ਘਿਓ ਦੀ ਪੰਜੀਰੀ, ਯਾਦਗਾਰੀ-ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲੇ, ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਸਮੇਤ ਹੋਰਨਾਂ ਸੰਤਾਂ, ਮਹਾਂਪੁਰਸ਼ਾਂ ਨੇ ਖੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਨੰਬਰਦਾਰ ਹਰਵਿੰਦਰ ਸਿੰਘ, ਸਾਬਕਾ ਕੌਂਸਲਰ ਸੁਰਿੰਦਰ ਸਿੰਘ, ਕਮਲਜੀਤ ਕੌਰ, ਹਰਸੰਗਤ ਸਿੰਘ ਨੰਬਰਦਾਰ ਸੋਹਾਣਾ ਸਮੇਤ ਹੋਰ ਕਈ ਉੱਘੇ ਸਿਆਸੀ ਆਗੂ, ਧਾਰਮਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੇ ਪਤਵੰਤੇ ਮੌਜੂਦ ਸਨ। ਅਖੀਰ ਵਿੱਚ ਪਰਵਿੰਦਰ ਸਿੰਘ ਸੋਹਾਣਾ, ਜਗਮੋਹਨ ਸਿੰਘ ਕਾਹਲੋਂ, ਭਾਈ ਸੁਰਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…