ਡੀਜੀਪੀ ਵੱਲੋਂ ਪੱਤਰਕਾਰ ਤੱਗੜ ਕੇਸ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਾਉਣ ਦਾ ਭਰੋਸਾ

ਰੂਪਨਗਰ ਰੇਂਜ ਦੇ ਡੀਆਈਜੀ ਦੀ ਨਿਗਰਾਨੀ ਹੇਠ ਹੋਵੇਗੀ ਤੱਗੜ ਮਾਮਲੇ ਦੀ ਜਾਂਚ

ਨਬਜ਼-ਏ-ਪੰਜਾਬ, ਮੁਹਾਲੀ, 30 ਅਪਰੈਲ:
ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਝੂਠੇ ਕੇਸ ਵਿਚ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਮੁਹਾਲੀ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਦੇ ਇਕ ਵਫਦ ਨੇ ਸੂਬੇ ਦੇ ਡੀਜੀਪੀ ਗੌਰਵ ਯਾਦਵ ਵਲੋਂ ਮਿਲੇ ਭਰੋਸੇ ਤੋਂ ਬਾਦ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨਾਲ ਚੰਡੀਗੜ੍ਹ ਸਥਿਤ ਪੰਜਾਬ ਪੁਲੀਸ ਦੇ ਹੈਡਕੁਆਰਟਰ ਵਿਖੇ ਮੁਲਾਕਾਤ ਕੀਤੀ। ਵਫ਼ਦ ਵਿੱਚ ਮੁਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਅਤੇ ਸਾਬਕਾ ਮੈਂਬਰ ਪ੍ਰੈਸ ਕੌਂਸਲ ਆਫ਼ ਇੰਡੀਆ ਬਲਵਿੰਦਰ ਜੰਮੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਚੰਡੀਗੜ੍ਹ ਯੂਨਿਟ ਦੇ ਚੇਅਰਮੈਨ ਜਗਤਾਰ ਸਿੰਘ ਭੁੱਲਰ, ਚੰਡੀਗੜ੍ਹ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ, ਸੀਨੀਅਰ ਪੱਤਰਕਾਰ ਅਨਿਲ ਭਾਰਦਵਾਜ, ਮੁਹਾਲੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਅਤੇ ਕੈਸ਼ੀਅਰ ਮਨਜੀਤ ਸਿੰਘ ਚਾਨਾ ਸ਼ਾਮਲ ਸਨ।
ਵਫ਼ਦ ਨੇ ਇਹ ਵੀ ਸਵਾਲ ਚੁੱਕਿਆ ਗਿਆ ਕਿ ਪੁਲੀਸ ਵੱਲੋਂ ਰਜਿੰਦਰ ਤੱਗੜ ਨਾਲ ਇਕ ਗੈਂਗਸਟਰ ਵਰਗਾ ਸਲੂਕ ਕੀਤਾ, ਜੋ ਕਿ ਅਤਿ ਨਿੰਦਣਯੋਗ ਹੈ। ਵਫ਼ਦ ਨੇ ਇਸ ਕੇਸ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਸ੍ਰੀ ਤੱਗੜ ਨੂੰ ਇਨਸਾਫ਼ ਦੇਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਇਸ ਦੌਰਾਨ ਸਪੈਸ਼ਲ ਡੀਜੀਪੀ ਸ੍ਰੀ ਅਰਪਿਤ ਸ਼ੁਕਲਾ ਨੇ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਕੇਸ ਦੀ ਜਾਂਚ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਡੀਪੀਜੀ ਗੌਰਵ ਯਾਦਵ ਵੀ ਇਸ ਕੇਸ ਨੂੰ ਬਾਰੀਕੀ ਨਾਲ ਦੇਖ ਰਹੇ ਹਨ। ਉਨ੍ਹਾਂ ਮੌਕੇ ’ਤੇ ਹੀ ਰੂਪਨਗਰ ਦੇ ਡੀਆਈਜੀ ਸ੍ਰੀਮਤੀ ਨਿਲੰਬਰੀ ਵਿਜੇ ਜਗਦਲੇ ਨੂੰ ਭਲਕੇ ਬੁੱਧਵਾਰ ਨੂੰ ਸਵੇਰੇ ਪੱਤਰਕਾਰਾਂ ਨਾਲ ਮੀਟਿੰਗ ਕਰਕੇ ਪੁਲੀਸ ਕਾਰਵਾਈ ਦੀ ਰਿਪੋਰਟ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜੇਕਰ ਲੋੜ ਪਈ ਤਾਂ ਕੇਸ ਦੀ ਜਾਂਚ ਕਿਸੇ ਬਾਹਰਲੇ ਜ਼ਿਲ੍ਹੇ ਦੇ ਸੀਨੀਅਰ ਆਈਪੀਐਸ ਅਧਿਕਾਰੀ ਤੋਂ ਵੀ ਕਰਵਾਈ ਜਾ ਸਕਦੀ ਹੈ।
ਵਫ਼ਦ ਨੇ ਸਪੈਸ਼ਲ ਡੀਜੀਪੀ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਰਜਿੰਦਰ ਤੱਗੜ ਦੇ ਵੀਡੀਓ ਐਡੀਟਰ ਨੂੰ ਮੁਹਾਲੀ ਪੁਲੀਸ ਵੱਲੋਂ ਨਾਜਾਇਜ਼ ਤੌਰ ਉੱਤੇ ਚੁੱਕ ਕੇ ਮਟੌਰ ਥਾਣੇ ਵਿਖੇ ਲਿਆਂਦਾ ਗਿਆ ਅਤੇ ਡੀਐਸਪੀ ਦੀ ਹਾਜ਼ਰੀ ਵਿੱਚ ਉਸਦੀ ਪੱਗ ਉਤਾਰ ਕੇ ਸਿਰ ’ਤੇ ਚੱਪਲਾਂ ਮਾਰੀਆਂ ਗਈਆਂ। ਉਸ ਨੂੰ ਮੁਹਾਲੀ ਤੋਂ ਭੱਜ ਜਾਣ ਅਤੇ ਤੱਗੜ ਕੋਲ ਭਵਿੱਖ ਵਿੱਚ ਨੌਕਰੀ ਛੱਡ ਜਾਣ ਦਾ ਹੁਕਮ ਸੁਣਾਇਆ।
ਵਫ਼ਦ ਨੇ ਥਾਣਾ ਫੇਜ਼-1 ਦੇ ਐਸਐਚਓ ਸੁਖਬੀਰ ਸਿੰਘ ਦੀ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਅਤੇ ਧੱਕੇਸ਼ਾਹੀ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਸੋਮਵਾਰ ਨੂੰ ਮੁਹਾਲੀ ਦੇ ਪੱਤਰਕਾਰ, ਵਕੀਲ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਲੀਸ ਦੀ ਧੱਕੇਸ਼ਾਹੀ ਵਿਰੁੱਧ ਐਸਐਸਪੀ ਦੇ ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ਦੌਰਾਨ ਡੀਆਈਜੀ ਅਤੇ ਡੀਸੀ ਨੂੰ ਪੁਲੀਸ ਖ਼ਿਲਾਫ਼ ਮੰਗ ਪੱਤਰ ਦਿੱਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …