ਡੀਜੀਪੀ ਦਿਨਕਰ ਗੁਪਤਾ ਨੇ ਪੁਲੀਸ ਸਟੇਸ਼ਨ, ਸਾਂਝ ਸ਼ਕਤੀ ਹੈਲਪਡੈਸਕ ਦਾ ਕੀਤਾ ਉਦਘਾਟਨ

ਮੁਹਾਲੀ ਦੇ ਪੇਂਡੂ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ 154 ਸੀਸੀਟੀਵੀ ਕੈਮਰੇ

ਡੀਜੀਪੀ ਵੱਲੋਂ 14 ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਹੋਣਹਾਰ ਬੱਚਿਆਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਪੰਜਾਬ ਦੇ ਬੱਚੇ, ਅੌਰਤਾਂ ਅਤੇ ਬਜ਼ੁਰਗ ਨਾਗਰਿਕ ਲੋਕ-ਪੱਖੀ ਪਹੁੰਚ ਤਹਿਤ ਹੁਣ ਅਸਾਨੀ ਨਾਲ ਪੁਲੀਸ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਕਿਉਂਜੋ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਪੁਲੀਸ ਥਾਣਿਆਂ ਦੇ ਨੇੜਲੇ ਸਮੁੱਚੇ ਸਾਂਝ ਕੇਂਦਰਾਂ ਵਿੱਚ ‘ਸਾਂਝ ਸ਼ਕਤੀ ਹੈਲਪਡੈਸਕ‘ ਸਥਾਪਤ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਅੱਜ ਸ਼ਾਮ ਨੂੰ ਇੱਥੋਂ ਦੇ ਥਾਣਾ ਫੇਜ਼-11 ਦੀ ਨਵੀਂ ਇਮਾਰਤ ਅਤੇ ਸਾਂਝ ਕੇਂਦਰ ਵਿਖੇ ਨਵੇਂ ‘ਸਾਂਝ ਸ਼ਕਤੀ ਹੈਲਪਡੈਸਕ’ ਸਮੇਤ ਕਈ ਵੱਕਾਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਲਈ ਸੁਰੱਖਿਅਤ ਅਤੇ ਢੁਕਵਾਂ ਵਾਤਾਵਰਨ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ ਬਿਨਾਂ ਕਿਸੇ ਝਿਜਕ ਦੇ ਪੁਲੀਸ ਨਾਲ ਸਾਂਝਾ ਕਰ ਸਕਣ। ਇਸ ਮੌਕੇ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਐਮਡੀ ਐਮ.ਕੇ. ਤਿਵਾੜੀ, ਏਡੀਜੀਪੀ ਗੁਰਪ੍ਰੀਤ ਕੌਰ ਦਿਓ, ਐਸਐਸਪੀ ਸਤਿੰਦਰ ਸਿੰਘ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅੌਰਤਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਪੰਜਾਬ ਪੁਲੀਸ ਦੀ ਸਾਂਝ ਸ਼ਕਤੀ ਹੈਲਪਡੈਸਕ ਅਤੇ ‘181’ ਗੈਰ-ਐਮਰਜੈਂਸੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਸੀ।
ਡੀਜੀਪੀ ਨੇ ਰੂਰਲ ਸੀਸੀਟੀਵੀ ਪ੍ਰਾਜੈਕਟ ਦਾ ਵਰਚੁਅਲ ਤੌਰ ’ਤੇ ਉਦਘਾਟਨ ਵੀ ਕੀਤਾ ਜਿਸ ਤਹਿਤ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਮਹੱਤਵਪੂਰਨ ਰਣਨੀਤਕ ਥਾਵਾਂ ’ਤੇ ਅਪਰਾਧ ਦੀ ਪਛਾਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ 1 ਕਰੋੜ ਰੁਪਏ ਦੀ ਲਾਗਤ ਨਾਲ 154 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਉਪਰੰਤ ਡੀਜੀਪੀ ਨੇ 14 ਪੁਲੀਸ ਅਧਿਕਾਰੀਆਂ, ਜਿਨ੍ਹਾਂ ਨੇ ਪੰਜਾਬ ਪੁਲੀਸ ਮਹਿਲਾ ਮਿੱਤਰ (ਪੀਪੀਐਮ) ਪੋਰਟਲ ’ਤੇ ਵੱਧ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਹਨ, ਨੂੰ ਪ੍ਰਸੰਸਾ ਪੱਤਰ ਸੌਂਪੇ। ਉਨ੍ਹਾਂ ਇਸ ਦੌਰਾਨ 7 ਪੁਲੀਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਖੇਡਾਂ ਅਤੇ ਵਿੱਦਿਅਕ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਹਾਇਕ ਸਟਾਫ਼ ਨੂੰ ਵਧੀਆਂ ਸੇਵਾਵਾਂ ਨਿਭਾਉਣ ਲਈ ਵੀ ਸਨਮਾਨਿਤ ਕੀਤਾ ਗਿਆ।
ਡੀਜੀਪੀ ਦਿਨਕਰ ਗੁਪਤਾ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਕੜ ਜ਼ਮੀਨ ਵਿੱਚ ਸਥਾਪਤ ਨਵੇਂ ਥਾਣੇ ਦੀ ਇਮਾਰਤ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਦੋ ਮੰਜ਼ਲਾ ਥਾਣੇ ਵਿੱਚ ਗਰਾਉਂਡ ਫਲੋਰ ’ਤੇ ਐਸਐਚਓ ਰੂਮ, ਮੁਨਸ਼ੀ ਰੂਮ, ਲਾਕ ਅਪਸ, ਆਰਮਰੀ, ਮਾਲਖਾਨਾ ਅਤੇ ਆਮ ਲੋਕਾਂ ਲਈ ਵੇਟਿੰਗ ਏਰੀਆ ਜਦਕਿ ਪਹਿਲੀ ਮੰਜ਼ਲ’ ਤੇ ਡਾਈਨਿੰਗ/ਰਸੋਈ ਦੀ ਸਹੂਲਤ ਤੋਂ ਇਲਾਵਾ ਐਨਜੀਓਜ਼ ਦੇ ਬੈਰਕ ਸਮੇਤ ਆਈਓਜ਼ ਦੇ ਕਮਰੇ ’ਤੇ ਰਿਹਾਇਸ਼ੀ ਖੇਤਰ ਵੀ ਹਨ। ਉਨ੍ਹਾਂ ਨਵੇਂ ਬਣੇ ਪੁਲੀਸ ਥਾਣਿਆਂ ਲਈ ਵਾਟਰ ਕੂਲਰ, ਵਾਟਰ ਫਿਲਟਰ, ਰੈਫਰੀਜਰੇਟਰ ਜ਼ਰੂਰੀ ਚੀਜ਼ਾਂ ਵੀ ਦਿੱਤੀਆਂ।
ਡੀਜੀਪੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰ ’ਤੇ ਕਿਰਾਏਦਾਰ ਦੀ ਤਸਦੀਕ ਅਤੇ ਸ਼ੱਕੀ ਦੀ ਪਛਾਣ ਲਈ ਇੱਕ ਨਵੀਨਤਮ ਅਤੇ ਆਧੁਨਿਕ ਸਾਫਟਵੇਅਰ ਪ੍ਰਸਤਾਵਿਤ ਕਰਨ ਲਈ ਮੁਹਾਲੀ ਪੁਲੀਸ ਦੀ ਸ਼ਲਾਘਾ ਕੀਤੀ। ਉਨ੍ਹਾਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਤਿੰਦਰ ਸਿੰਘ ਨੂੰ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਕਿਹਾ ਤਾਂ ਜੋ ਇੱਥੇ ਕਿਰਾਏ ਦੀਆਂ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਲੋਕ ਆਪਣੇ-ਆਪ ਨੂੰ ਅਸਾਨੀ ਨਾਲ ਰਜਿਸਟਰ ਕਰਵਾ ਸਕਣ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…