ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਸੱਦਾ

83 ਕਿੱਲੋ ਹੈਰੋਇਨ, 100 ਕੁਇੰਟਲ ਭੁੱਕੀ, 1 ਕੁਇੰਟਲ ਗਾਂਜਾ, 4.52 ਲੱਖ ਨਸ਼ੀਲੀਆਂ ਗੋਲੀਆਂ ਕੀਤੀਆਂ ਨਸ਼ਟ

ਡੀਜੀਪੀ ਗੌਰਵ ਯਾਦਵ ਨੇ ਨਸ਼ਾ ਨਸ਼ਟ ਕਰਨ ਵਾਲੀ ਥਾਂ ਦਾ ਕੀਤਾ ਅਚਨਚੇਤ ਦੌਰਾ

ਐਨਡੀਪੀਐਸ ਐਕਟ ਤਹਿਤ ਦਰਜ ਕੇਸਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਾਉਣ ਦੇ ਹੁਕਮ

ਨਬਜ਼-ਏ-ਪੰਜਾਬ, ਮੁਹਾਲੀ, 26 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲੀਸ ਨੇ ਅੱਜ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮੁਹਾਲੀ ਸਮੇਤ ਵੱਖ-ਵੱਖ ਥਾਵਾਂ ’ਤੇ ਸਰਚ ਅਭਿਆਨ ਚਲਾਇਆ। ਜਿਸ ਦੀ ਅਗਵਾਈ ਖ਼ੁਦ ਡੀਜੀਪੀ ਗੌਰਵ ਯਾਦਵ ਨੇ ਕੀਤੀ। ਇਸ ਦੌਰਾਨ 83 ਕਿੱਲੋ ਹੈਰੋਇਨ, 10,000 ਕਿੱਲੋ ਭੁੱਕੀ, 100 ਕਿੱਲੋਗਰਾਮ ਗਾਂਜਾ, 4.52 ਲੱਖ ਗੋਲੀਆਂ/ਕੈਪਸੂਲ ਨਸ਼ਟ ਕੀਤੇ ਗਏ। ਡੀਜੀਪੀ ਨੇ ਸਮੂਹ ਐਸਟੀਐਫ਼ ਰੇਂਜਾਂ ਨਾਲ ਸਬੰਧਤ ਨਸ਼ਿਆਂ ਦੀ ਖੇਪ ਦੇ ਚੱਲ ਰਹੇ ਨਿਪਟਾਰੇ ਦੀ ਜਾਂਚ ਕਰਨ ਲਈ ਡੇਰਾਬੱਸੀ ਵਿਖੇ ਨਸ਼ਾ ਨਸ਼ਟ ਕਰਨ ਵਾਲੀ ਥਾਂ ਪੰਜਾਬ ਕੈਮੀਕਲ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਸਪੈਸ਼ਲ ਡੀਜੀਪੀ (ਐਸਟੀਐਫ਼) ਕੁਲਦੀਪ ਸਿੰਘ, ਡੀਆਈਜੀ ਨੀਲਾਂਬਰੀ ਜਗਦਲੇ ਅਤੇ ਮੁਹਾਲੀ ਦੇ ਸੰਦੀਪ ਗਰਗ, ਏਆਈਜੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ।
ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਮ ਨਾਗਰਿਕਾਂ ਨੂੰ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਨਸ਼ਿਆਂ ਦੀ ਲਤ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ 33 ਜ਼ਿਲ੍ਹਿਆਂ/ਕਮਿਸ਼ਨਰੇਟਾਂ ਅਤੇ ਯੂਨਿਟਾਂ ਵੱਲੋਂ ਪੰਜਾਬ ਭਰ ਵਿੱਚ 10 ਵੱਖ-ਵੱਖ ਥਾਵਾਂ ’ਤੇ 626 ਐਨਡੀਪੀਐਸ ਕੇਸਾਂ ਨਾਲ ਸਬੰਧਤ ਨਸ਼ਿਆਂ ਦੀ ਇਸ ਵੱਡੀ ਖੇਪ ਦਾ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੈਬੈਕਸ ਮੀਟਿੰਗ ਰਾਹੀਂ ਬਾਕੀ ਜ਼ਿਲ੍ਹਿਆਂ/ਯੂਨਿਟਾਂ ਵਿੱਚ ਚੱਲ ਰਹੇ ਨਸ਼ਿਆਂ ਦੇ ਨਿਪਟਾਰੇ/ਨਸ਼ਟ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ।
ਕਾਬਿਲੇਗੌਰ ਹੈ ਕਿ ਪੰਜਾਬ ਪੁਲੀਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 2700 ਕਿੱਲੋਗਰਾਮ ਹੈਰੋਇਨ, 3450 ਕਿੱਲੋ ਅਫ਼ੀਮ, 1.77 ਲੱਖ ਕਿੱਲੋ ਭੁੱਕੀ, 1.40 ਕਰੋੜ ਗੋਲੀਆਂ/ਕੈਪਸੂਲ ਅਤੇ 2 ਲੱਖ ਟੀਕਿਆਂ ਨੂੰ ਨਸ਼ਟ ਕੀਤਾ ਗਿਆ ਹੈ।
ਉਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ, ‘‘ਆਓ ਰਲ ਕੇ ਇਸ ਠੋਸ ਸੰਕਲਪ ਨਾਲ ਨਸ਼ਿਆਂ ਵਿਰੁੱਧ ਲੜਾਈ ਦਾ ਅਹਿਦ ਲਈਏ। ਆਓ ਅਸੀਂ ਆਪਣੇ ਨੌਜਵਾਨਾਂ, ਆਪਣੇ ਪਰਿਵਾਰਾਂ ਅਤੇ ਆਪਣੇ ਭਵਿੱਖ ਦੀ ਰਾਖੀ ਕਰੀਏ।’’ ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਤਿੰਨ-ਪੱਖੀ ਰਣਨੀਤੀ-ਇਨਫੋਰਸਮੈਂਟ, ਡੀ-ਅਡਿਕਸ਼ਨ ਐਂਡ ਪ੍ਰੀਵੈਨਸ਼ਨ ਅਪਣਾਈ ਗਈ ਹੈ।
ਡੀਜੀਪੀ ਨੇ ਕਿਹਾ ਕਿ ਮੁਹੱਲਾ ਅਤੇ ਪਿੰਡ ਪੱਧਰ ’ਤੇ ਪੁਆਇੰਟ ਆਫ਼ ਸੇਲ ਨੂੰ ਧਿਆਨ ਵਿੱਚ ਰੱਖਦਿਆਂ ਡਰੱਗ ਸਪਲਾਈ ਨੂੰ ਕੰਟਰੋਲ ਕਰਨ ਸਬੰਧੀ ਰਣਨੀਤੀ ਨੂੰ ਤੇਜ਼ ਕਰਦਿਆਂ ਪੁਲੀਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਸਾਰੇ ਮਾਮਲਿਆਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। ਜ਼ਿਕਰਯੋਗ ਹੈ ਕਿ ਸੂਬੇ ’ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲੀਸ ਦੇ ਠੋਸ ਯਤਨਾਂ ਸਦਕਾ, ਹੈਰੋਇਨ ਦੀ ਬਰਾਮਦਗੀ ਵਿੱਚ 2017 ਤੋਂ 6.83 ਗੁਣਾ (683 ਫੀਸਦੀ) ਵਾਧਾ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ ਮੁਹਾਲੀ ਦੇ ਅਕਾਲੀ ਆ…