
ਡੀਜੀਪੀ ਵੱਲੋਂ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਤਰੱਕੀਆਂ ਤੇ ਸਨਮਾਨ
ਗੈਂਗਸਟਰਾਂ ਤੇ ਤਸਕਰਾਂ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਜਾਰੀ: ਸੁਰੇਸ਼ ਅਰੋੜਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਫਰੀਦਕੋਟ, 13 ਜੂਨ:
ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਜ਼ੁਰਮਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲੀਸ ਵਲੋਂ ਗੈਂਗਸਟਰਾਂ ਤੇ ਤਸਕਰਾਂ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਰਹਿਣਗੇ। ਇਹ ਵਿਚਾਰ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਫਰੀਦਕੋਟ ਵਿੱਚ ਜ਼ਿਲ੍ਹਾ ਪੁਲੀਸ ਦੀ ਉਸ ਟੀਮ ਨੂੰ ਤਰੱਕੀਆਂ ਦੇਣ ਉਪਰੰਤ ਰੱਖੇ ਜਿਸ ਨੇ ਪੰਜਾਬ ਦੇ ਤਿੰਨ ਨਾਮੀ ਗੈਂਗਸਟਰਾਂ ਵਿਰੁੱਧ ਹਰਿਆਣਾ ਦੇ ਸਿਰਸਾ ਜਿਲੇ ਦੇ ਸਖੇਰਾ ਖੇੜਾ ਵਿਖੇ ਸਫਲ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਤਿੰਨਾਂ ਗੈਂਗਸਟਰਾਂ ਨੇ ਪੰਜਾਬ ਪੁਲੀਸ ਦੇ ਮਜ਼ਬੂਤ ਘੇਰੇ ਨੂੰ ਦੇਖਦਿਆਂ ਖੁਦ ਨੂੰ ਗੋਲੀਆਂ ਮਾਰ ਕੇ ਖੁਦਕਸ਼ੀ ਕਰ ਲਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਇਸ ਕਾਰਵਾਈ ਦੀ ਉਪਰ ਖੁਦ ਨੇੜਿਓਂ ਨਿਗਾਹ ਰੱਖ ਰਹੇ ਸਨ ਅਤੇ ਉਨ੍ਹਾਂ ਫਰੀਦਕੋਟ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕਰਦਿਆਂ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਚੰਗਾ ਕੰਮ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੇ ਹਿੱਤਾਂ ਦਾ ਪੂਰਾ-ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਜਲਦ ਹੀ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਟੀਮ ਵਿੱਚ ਸ਼ਾਮਲ ਜਸਪਾਲ ਸਿੰਘ ਥਾਣੇਦਾਰ ਨੂੰ ਈ-2, ਗੁਰਲਾਲ ਸਿੰਘ ਸਹਾਇਕ ਥਾਣੇਦਾਰ ਨੂੰ ਡੀ-2, ਦਰਸ਼ਨ ਸਿੰਘ, ਜੈ ਦੀਪ ਸਿੰਘ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਜੰਗ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਤੇ ਗੁਰਮੀਤ ਸਿੰਘ ਨੂੰ ਸਹਾਇਕ ਥਾਣੇਦਾਰ ਵਜੋਂ, ਅਮਨਦੀਪ ਸਿੰਘ ਤੇ ਕੁਲਤਾਰ ਸਿੰਘ ਨੂੰ ਹੌਲਦਾਰ (ਐਲ.ਆਰ) ਵਜੋਂ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਬੇਅੰਤ ਸਿੰਘ ਅਤੇ ਜਗਸੀਰ ਸਿੰਘ ਨੂੰ (ਸੀ-2) ਦੇ ਰੈਂਕ ਨਾਲ ਤਰੱਕੀ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੈਂਗਸਟਰਾਂ ਵਿੱਚ ਕੰਵਲਜੀਤ ਸਿੰਘ ਬੰਟੀ (22 ਸਾਲ) ਵਾਸੀ ਹਿੰਮਤਪੁਰਾ, ਜ਼ਿਲ੍ਹਾ ਫਰੀਦਕੋਟ ’ਤੇ ਪੰਜਾਬ ਵਿਚ 7 ਅਤੇ ਹਰਿਆਣਾ ਵਿਚ 2 ਮੁਕੱਦਮੇ ਦਰਜ ਹਨ।
ਇਸੇ ਤਰ੍ਹਾਂ ਜਸਪ੍ਰੀਤ ਸਿੰਘ ਜੰਪੀ ਡਾਊਨ ਵਾਸੀ ਰੋੜੀ ਕਪੂਰਾ, ਜਿਲਾ ਫਰੀਦਕੋਟ ’ਤੇ ਪੰਜਾਬ ਵਿਚ 14 ਅਤੇ ਹਰਿਆਣਾ ਵਿਚ 2 ਮੁਕੱਦਮੇ ਦਰਜ ਹਨ ਜਦਕਿ ਨਿਸ਼ਾਨ ਸਿੰਘ ਵਾਸੀ ਰੁਕਨੇਵਾਲਾ ਜਿਲਾ ਫਿਰੋਜ਼ਪੁਰ ’ਤੇ ਪੰਜਾਬ ਵਿਚ 4 ਅਤੇ ਹਰਿਆਣਾ ਵਿੱਚ 1 ਮੁਕੱਦਮਾ ਦਰਜ ਹੈ। ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ 315 ਬੋਰ ਦੀ ਇਕ ਰਾਈਫਲ ਤੇ 6 ਜਿੰਦਾ ਕਾਰਤੂਸ, 30 ਬੋਰ ਦੀਆਂ 2 ਪਿਸਟਲ ਨਾਲ 85 ਜਿੰਦਾ ਕਾਰਤੂਸ, 32 ਬੋਰ ਦੀ ਇਕ ਰਿਵਾਲਵਰ ਨਾਲ 29 ਜਿੰਦਾ ਕਾਰਤੂਸ, 32 ਬੋਰ ਦੀ ਇਕ ਪਿਸਟਲ ਅਤੇ 24 ਜਿੰਦਾ ਕਾਰਤੂਸ, ਇਕ ਸਫੇਦ ਰੰਗ ਦੀ ਗੱਡੀ ਸਕਾਰਪਿਓ ਗੱਡੀ, ਦੋ ਮਬਾਈਲ ਫੋਨ ਅਤੇ 20000 ਰੁਪਏ ਨਗਦ ਬਰਾਮਤ ਕੀਤੇ ਹਨ।