nabaz-e-punjab.com

ਡੀਜੀਪੀ ਪੰਜਾਬ ਵਿੱਚ ਤੰਬਾਕੂ ਵਿਰੋਧੀ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ: ਬ੍ਰਹਮ ਮਹਿੰਦਰਾ

ਨਸ਼ਿਆਂ ਵਿਰੋਧੀ ਜੰਗ ਨੂੰ ਜਿੱਤਣ ਵਿੱਚ ਪੰਜਾਬ ਪੁਲੀਸ ਦੀ ਭੂਮਿਕਾ ਅਹਿਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਅਗਸਤ:
ਪੰਜਾਬ ਦੀ ਧਰਤੀ ’ਤੇ ਨਸ਼ਿਆਂ ਦਾ ਖੁਰਾ ਖੋਜ ਹਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਜਿੱਤਣ ਵਿੱਚ ਪੰਜਾਬ ਪੁਲਿਸ ਦੀ ਵੱਡੀ ਭੂਮਿਕਾ ਲੋੜੀਂਦੀ ਹੈ। ਇਸ ਕਾਰਨ ਪੰਜਾਬ ਪੁਲਿਸ ਨੂੰ ਆਪਣੀ ਜਿੰਮੇਵਾਰੀ ਪਹਿਚਾਣਦੇ ਹੋਏ ਇਹ ਯਤਨ ਹੋਰ ਤੇਜ ਕਰਨੇ ਚਾਹੀਦੇ ਹਨ ਕਿ ਪੰਜਾਬ ਦੀ ਨੌਜੁਆਨੀ ਨੂੰ ਨਸ਼ਿਆਂ ਦੀ ਗਲਤਾਣ ਵਿਚੋਂ ਬਾਹਰ ਕੱਢਣ ਲਈ ਤੰਬਾਕੂ/ਨੈਕੋਟੀਨ ਸੇਵਨ ਵਿਰੋਧੀ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਇਹ ਬਿਆਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਵਲੋਂ ਜਾਰੀ ਪ੍ਰੈਸ ਨੋਟ ਵਿਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਆਪਣੇ ਏਜੰਡੇ ਮੁਤਾਬਕ ਪੰਜਾਬ ਵਿਚੋਂ ਤੰਬਾਕੂ ਦੇ ਸੇਵਨ ਵਿਚ ਕਮੀ ਲਿਆਉਣ ਲਈ ਬੜੀ ਹੀ ਸ਼ਿਦੱਤ ਨਾਲ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਆਰੰਭੀ ਗਈ ਮੁਹਿੰਮ ਅਸਲ ਮਾਅਨਿਆਂ ਵਿਚ ਤਾਂ ਹੀ ਜਿੱਤੀ ਜਾ ਸਕਦੀ ਹੈ ਜੇਕਰ ਸਾਰੀਆਂ ਸਬੰਧਤ ਧਿਰਾਂ ਅਪਾਣਾ-ਆਪਣਾ ਰੋਲ ਪਛਾਣਦੇ ਹੋਏ ਸਕਾਰਾਤਮਕ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਲੜਾਈ ਵਿਚ ਵੱਡੀ ਜਿੰਮੇਵਾਰੀ ਬਣਦੀ ਹੈ, ਜਿਸ ਨੇ, ਸੁਗੰਧਤ ਚੱਬਣ ਵਾਲੇ ਤੰਬਾਕੂ, ਸਿਗਰਟ ਅਤੇ ਹੋਰਨਾਂ ਅਤੇ ਤੰਬਾਕੂ ਉਤਪਾਦਾਂ ਐਕਟ (ਕੋਟਪਾ), ਜੁਵਨਾਇਲ ਜਸਟਿਸ ਐਕਟ ਅਤੇ ਆਈ.ਪੀ.ਸੀ. ਧਾਰਾਵਾਂ 268, 269 ਅਤੇ 278 ਨੂੰ ਲਾਗੂ ਕਰਵਾਉਣ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣਾ ਯੋਗਦਾਨ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਡੀ.ਜੀ.ਪੀ. ਨੂੰ ਲਿਖਤੀ ਤੌਰ ’ਤੇ ਇਹ ਕਿਹਾ ਗਿਆ ਹੈ ਕਿ ਉਹ ਜਿਲ੍ਹਾ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਰਾਜ ਪੱਧਰੀ ਸੀਨੀਅਰ ਅਫਸਰਾਨ ਨੂੰ ਇਸ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕਰ ਦੇਣ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਆਈ.ਪੀ.ਸੀ. ਦੀਆਂ ਧਾਰਾਵਾਂ 268, 269 ਅਤੇ 278 ਤਹਿਤ ਸਿਗਰਟਨੋਸ਼ੀ ਅਤੇ ਜਨਤਕ ਸਥਾਨਾਂ ਤੇ ਥੁੱਕਣ ਦੀ ਪੂਰਨ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਵੱਲੋਂ 2017 ਵਿਚ ਕੀਤੀ ‘ਕੰਪਲਾਇਂਸ ਅਸੈਸਮੈਂਟ ਸਟੱਡੀ’ ਮੁਤਾਬਕ ਪੰਜਾਬ ਦੇ 22 ਜ਼ਿਲ੍ਹਿਆਂ ਦੇ 16 ਜ਼ਿਲ੍ਹਿਆਂ ਵਿੱਚ ਕੋਟਪਾ ਐਕਟ ਦੀ ਉਲੰਘਣਾ ਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਦੇਸ਼ ਵਿਚ ਹਰ ਰੋਜ 3500 ਵਿਅਕਤੀ ਤੰਬਾਕੂ ਦੇ ਸੇਵਨ ਕਾਰਨ ਮੌਤ ਦਾ ਸ਼ਿਕਾਰ ਹੁੰਦੇ ਹਨ ਜਦ ਕਿ ਮੂੰਹ ਦੇ ਕੈਂਸਰ ਦੇ ਮਰੀਜ਼ਾਂ ਵਿਚ 90 ਫੀਸਦੀ ਮਾਮਲੇ ਤੰਬਾਕੂ ਦੇ ਸੇਵਨ ਕਾਰਨ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਗੈਰ ਸੰਚਾਰਿਤ ਬਿਮਾਰੀਆਂ ਜਿਵੇਂ ਕੈਂਸਰ ਹਾਈਪਰਟੈਨਸ਼ਨ, ਦਿਲ ਅਤੇ ਫੇਫੜਿਆਂ ਦੇ ਰੋਗਾਂ ਦੇ ਵੱਧਣ ਵਿੱਚ ਵੀ ਤੰਬਾਕੂ ਸੇਵਨ ਇਕ ਮੁੱਖ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੀਆਂ 375 ਪਿੰਡਾਂ ਦੀਆਂ ਪੰਚਾਇਤਾਂ ਨੇ ਤੰਬਾਕੂ ਦੇ ਸੇਵਨ ’ਤੇ ਪੂਰਨ ਪਾਬੰਦੀ ਲਗਾ ਕੇ ਤੰਬਾਕੂ ਮੁਕਤ ਪਿੰਡ ਘੋਸ਼ਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਤੰਬਾਕੂ ਦੇ ਸੇਵਨ ਨੂੰ ਕਾਬੂ ਕਰਨ ਲਈ ਕੀਤੇ ਗਏ ਚੰਗੇ ਯਤਨਾਂ ਕਰਕੇ ਜਾਣਿਆਂ ਜਾਂਦਾ ਹੈ।ਨੈਸ਼ਨਲ ਫੈਮਿਲੀ ਹੈਲਥ ਸਰਵੇ-4 ਦੇ ਅੰਕੜਿਆਂ ਅਨੁਸਾਰ ਮਰਦਾਂ ਵਿੱਚ ਤੰਬਾਕੂ ਸੇਵਨ ਦੀ 14.6 ਫੀਸਦੀ ਤੱਕ ਕਮੀ ਦਰਜ ਕੀਤੀ ਗਈ ਹੈ ਅਤੇ ਹੁੱਣ ਤੰਬਾਕੂ ਸੇਵਨ ਦੇ ਸੰਪੂਰਨ ਖਾਤਮੇ ਲਈ ਮੁਹਿੰਮ ਵਿੱਢ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…