Nabaz-e-punjab.com

ਧਰਮਸ਼ਾਲਾ ਵਿੱਚ ਛੇ ਮਹੀਨੇ ਤੋਂ ਪਏ ਹਨ ਕੂੜੇਦਾਨ: ਸਵੱਛਤਾ ਸਰਵੇਖਣ ਵਿੱਚ ਕਿਵੇਂ ਵਧੀਆਂ ਆਉਂਦੀ ਮੁਹਾਲੀ ਦੀ ਰੈਂਕਿੰਗ

ਲੋਕਾਂ ਦੀ ਸਮੱਸਿਆਵਾਂ ਸੁਣਨ ਤੋਂ ਭੱਜ ਰਹੇ ਨੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਸਵੱਛ ਭਾਰਤ ਅਭਿਆਨ ਤਹਿਤ ਕਰਵਾਏ ਗਏ ‘ਸਵੱਛ ਸਰਵੇਖਣ-2019’ ਵਿੱਚ ਪੰਜਾਬ ਦੇ ਅਤਿ ਆਧੁਨਿਕ ਸ਼ਹਿਰਾਂ ਦੇ ਮੁਕਾਬਲੇ ਵਿੱਚ ਮੁਹਾਲੀ ਦਾ ਪਛੜਨਾ ਪਹਿਲਾਂ ਤੋਂ ਹੀ ਤੈਅ ਸੀ। ਸਫ਼ਾਈ ਮਾਮਲੇ ਵਿੱਚ ਸ਼ਹਿਰ ਪਿੱਛੇ ਰਹਿਣ ਲਈ ਸੂਬਾ ਸਰਕਾਰ ਅਤੇ ਮੁਹਾਲੀ ਨਿਗਮ ਦੇ ਅਧਿਕਾਰੀ ਬਰਾਬਰ ਦੇ ਜ਼ਿੰਮੇਵਾਰ ਹਨ। ਇਸ ਸਬੰਧੀ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਕੈਪਟਨ ਸਰਕਾਰ ਨੇ ਸਮੇਂ ਸਿਰ ਪਬਲਿਕ ਪਖਾਨਿਆਂ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਉੱਥੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਲਾਪਰਵਾਹੀ ਦਿਖਾਉਂਦਿਆਂ ਕੂੜੇਦਾਨਾਂ ਨੂੰ ਢੁਕਵੀਆਂ ਥਾਵਾਂ ’ਤੇ ਨਹੀਂ ਰੱਖਿਆ ਗਿਆ ਅਤੇ ਜਿੱਥੇ ਕੂੜੇਦਾਨ ਰੱਖੇ ਵੀ ਗਏ ਸਨ, ਉਨ੍ਹਾਂ ਦੀ ਸਹੀ ਤਰੀਕੇ ਨਾਲ ਸਫ਼ਾਈ ਨਹੀਂ ਕੀਤੀ ਗਈ। ਇਸ ਸਬੰਧੀ ਮੀਡੀਆ ਵੱਲੋਂ ਲਗਾਤਾਰ ਫੋਟੋਆਂ ਸਮੇਤ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਰਹੀਆਂ ਹਨ ਪ੍ਰੰਤੂ ਨਿਗਮ ਅਧਿਕਾਰੀ ਗੂੜੀ ਨੀਂਦ ਤੋਂ ਨਹੀਂ ਜਾਗੇ।
ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੁੰਭੜਾ ਦੀ ਧਰਮਸ਼ਾਲਾ ਵਿੱਚ ਪਿਛਲੇ ਛੇ ਮਹੀਨੇ ਤੋਂ ਕੂੜੇਦਾਨ (ਡਸਟਬਿਨ) ਪਏ ਹਨ। ਲੇਕਿਨ ਇਨ੍ਹਾਂ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ। ਹਾਲਾਂਕਿ ਇਸ ਸਬੰਧੀ ਕਈ ਵਾਰ ਮੀਡੀਆ ਵਿੱਚ ਇਹ ਮੁੱਦਾ ਚੁੱਕਿਆ ਜਾਂਦਾ ਰਿਹਾ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਹਨ ਲੇਕਿਨ ਇਸ ਦੇ ਬਾਵਜੂਦ ਅਧਿਕਾਰੀਆਂ ਨੇ ਧਰਮਸ਼ਾਲਾ ਵਿੱਚ ਪਏ ਕੂੜੇਦਾਨਾਂ ਨੂੰ ਢੁਕਵੀਆਂ ਥਾਵਾਂ ’ਤੇ ਨਹੀਂ ਰੱਖਿਆ ਗਿਆ। ਜਿਸ ਤੋਂ ਨਗਰ ਨਿਗਮ ਦੇ ਸਟਾਫ਼ ਅਤੇ ਅਧਿਕਾਰੀ ਦੀ ਲਾਪਰਵਾਹੀ ਸਾਫ਼ ਝਲਕਦੀ ਹੈ।
ਸ੍ਰੀ ਕੁੰਭੜਾ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਨਗਰ ਨਿਗਮ ਵੱਲੋਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰੇ ਤੌਰ ’ਤੇ ਰੱਖਣ ਲਈ ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਅਤੇ ਹੋਰ ਜਨਤਕ ਥਾਵਾਂ ’ਤੇ ਕੂੜੇਦਾਨ ਰੱਖਣ ਲਈ ਸਬੰਧਤ ਕੌਂਸਲਰਾਂ ਨੂੰ ਨੀਲੇ ਅਤੇ ਹਰੇ ਰੰਗ ਦੇ ਕੂੜੇਦਾਨ (ਡਸਟਬਿਨ) ਮੁਹੱਈਆ ਕਰਵਾਏ ਗਏ ਸਨ। ਪ੍ਰੰਤੂ ਪਿੰਡ ਕੁੰਭੜਾ ਵਿੱਚ ਰੱਖੇ ਜਾਣ ਵਾਲੇ ਕੂੜੇਦਾਨ ਪਿੰਡ ਦੀ ਧਰਮਸ਼ਾਲਾ ਵਿੱਚ ਸ਼ੋਅਪੀਸ ਬਣ ਕੇ ਰਹਿ ਗਏ ਹਨ। ਜਿਸ ਕਾਰਨ ਪਿੰਡ ਵਾਸੀ ਜਿੱਥੇ ਦੇਖਦੇ ਹਨ, ਉੱਥੇ ਕੂੜਾ ਕਰਕਟ ਸੁੱਟ ਦਿੰਦੇ ਹਨ। ਇਸ ਨਾਲ ਪਿੰਡ ਦੇ ਆਲੇ ਦੁਆਲੇ ਗੰਦਗੀ ਫੈਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੂੜੇਦਾਨ ਧਰਮਸ਼ਾਲ ਵਿੱਚ ਪਏ ਰਹਿਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਸਵੱਛ ਭਾਰਤ ਅਭਿਆਨ ਤਹਿਤ ਸਵੱਛ ਸਰਵੇਖਣ-2019 ਵਿੱਚ ਪੰਜਾਬ ਦਾ ਸਭ ਤੋਂ ਵੱਧ ਆਧੁਨਿਕ ਸ਼ਹਿਰ ਮੁਹਾਲੀ ਸਫ਼ਾਈ ਦੇ ਮਾਮਲੇ ਵਿੱਚ ਰੈਂਕਿੰਗ ਪੰਜਾਬ ’ਚ ਚੌਥੇ ਨੰਬਰ ਅਤੇ ਦੇਸ਼ ਭਰ ਵਿੱਚ 153ਵੇਂ ਨੰਬਰ ’ਤੇ ਆਇਆ ਹੈ। ਇਸ ਸਬੰਧੀ ਆਰਟੀਆਈ ਕਾਰਕੁਨ ਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਪਹਿਲਾਂ ਹੀ ਸਫ਼ਾਈ ਮਾਮਲੇ ਵਿੱਚ ਚਿੰਤਾਜਨਕ ਰੈਂਕਿੰਗ ਆਉਣ ’ਤੇ ਮੁਹਾਲੀ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਚਿੰਨ ਲਗਾ ਚੁੱਕੇ ਹਨ। ਉਨ੍ਹਾਂ ਨੇ ਮੇਅਰ ਅਤੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਵੱਛਤਾ ਸਰਵੇਖਣ ਵਿੱਚ ਮੁਹਾਲੀ ਦੀ ਮਾੜੀ ਕਾਰਗੁਜ਼ਾਰੀ ’ਤੇ ਐਮਰਜੈਂਸੀ ਮੀਟਿੰਗ ਸੱਦ ਕੇ ਹਾਊਸ ਵਿੱਚ ਚਰਚਾ ਕਰਨ ਦੀ ਗੁਹਾਰ ਵੀ ਲਗਾਈ ਹੈ।
(ਬਾਕਸ ਆਈਟਮ)
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਸੁੱਕਾ ਅਤੇ ਗਿੱਲਾ ਕੂੜਾ ਵੱਖੋ ਵੱਖ ਕਰਨ ਲਈ ਸ਼ਹਿਰ ਵਿੱਚ ਘਰ ਘਰ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਮੁਹਾਲੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਕੁੰਭੜਾ ਦੀ ਧਰਮਸ਼ਾਲਾ ਵਿੱਚ ਪਿਛਲੇ ਛੇ ਮਹੀਨੇ ਤੋਂ ਕੂੜੇਦਾਨਾਂ ਬਾਰੇ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਭਲਕੇ ਦਫ਼ਤਰੀ ਸਟਾਫ਼ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…