
ਸਿੱਖ ਅਜਾਇਬ ਘਰ ਲਈ ਜ਼ਮੀਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ
ਬੁੱਤਸਾਜ ਨੇ ਸਿੱਖ ਅਜਾਇਬ ਘਰ ਦੇ ਬਾਹਰ ਵੇਚਣ ਲਈ ਲਗਾਏ ਉੱਘੀਆਂ ਸ਼ਖ਼ਸੀਅਤਾਂ ਦੇ ਬੁੱਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਸਿੱਖ ਅਜਾਇਬ ਘਰ ਮੁਹਾਲੀ ਲਈ ਜ਼ਮੀਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ (ਬੁੱਤਸਾਜ) ਨੇ ਅਣਮਿਥੇ ਸਮੇਂ ਲਈ ਧਰਨੇ ਉੱਤੇ ਬੈਠ ਗਏ ਹਨ। ਇਲਾਕੇ ਦੇ ਪਤਵੰਤੇ ਵੀ ਰੋਜ਼ਾਨਾ ਬੁੱਤਸਾਜ ਨਾਲ ਧਰਨੇ ’ਤੇ ਬੈਠਿਆ ਕਰਨਗੇ। ਇਸ ਦੇ ਨਾਲ ਹੀ ਬੁੱਤਸਾਜ ਨੇ ਸਰਕਾਰਾਂ ਦੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਆਗੂਆਂ ਅਤੇ ਕਲਾਕਾਰਾਂ ਦੇ ਬੁੱਤ ਵੇਚਣ ਲਈ ਸੇਲ ’ਤੇ ਲਗਾ ਦਿੱਤੇ ਹਨ।
ਅੱਜ ਪਹਿਲੇ ਦਿਨ ਮੁੱਖ ਸੇਵਾਦਾਰ ਪਰਵਿੰਦਰ ਸਿੰਘ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਹਰਭਜਨ ਸਿੰਘ, ਰਾਮ ਸਿੰਘ ਬਲੌਂਗੀ, ਹਰਜਿੰਦਰ ਸਿੰਘ ਬੁਟੇਰਲਾ, ਰਵਿੰਦਰ ਸਿੰਘ ਦਾਊਂ, ਸਤਨਾਮ ਸਿੰਘ ਦਾਊਂ, ਗੌਰਵ ਸਿੰਘ ਬਲੌਂਗੀ, ਅੰਮ੍ਰਿਤ ਮਹਿਤਾ, ਭੁਪਿੰਦਰ ਸਿੰਘ ਡੀਸੀ, ਜਗਦੀਸ਼ ਸਿੰਘ ਅਤੇ ਹੋਰ ਪਤਵੰਤੇ ਧਰਨੇ ’ਤੇ ਬੈਠੇ ਅਤੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ ਸਿੱਖ ਅਜਾਇਬਘਰ ਨੂੰ ਜ਼ਮੀਨ ਦੀ ਪੱਕੀ ਅਲਾਟਮੈਂਟ ਕੀਤੀ ਜਾਵੇ। ਮੌਜੂਦਾ ਸਮੇਂ ਵਿੱਚ ਜਿੱਥੇ ਸਿੱਖ ਅਜਾਇਬਘਰ ਸੁਸ਼ੋਭਿਤ ਹੈ, ਇਹ ਜ਼ਮੀਨ ਕਾਫ਼ੀ ਸਮਾਂ ਪਹਿਲਾਂ ਨੰਬਰਦਾਰ ਤਰਲੋਚਨ ਸਿੰਘ ਮਾਨ ਨੇ ਤਰਸ ਦੇ ਆਧਾਰ ’ਤੇ ਬੁੱਤਸਾਜ ਨੂੰ ਦਿੱਤੀ ਗਈ ਸੀ।
ਬੁੱਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਅਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਬੁੱਤ ਬਣਾ ਕੇ ਅਜਾਇਬਘਰ ਵਿੱਚ ਸਜਾ ਕੇ ਰੱਖੇ ਗਏ ਸੀ ਪ੍ਰੰਤੂ ਇਨ੍ਹਾਂ ਸ਼ਖ਼ਸੀਅਤਾਂ ਨੇ ਹੁਣ ਤੱਕ ਸਿੱਖ ਅਜਾਇਬਘਰ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ ਅਤੇ ਨਾ ਹੀ ਕਦੇ ਉਨ੍ਹਾਂ (ਬੁੱਤਸਾਜ) ਦੀ ਹੌਸਲਾ ਅਫ਼ਜਾਈ ਕੀਤੀ ਗਈ ਹੈ। ਜਿਸ ਕਾਰਨ ਦੁਖੀ ਹੋ ਕੇ ਉਸ ਨੇ ਉਕਤ ਉੱਘੀਆਂ ਸ਼ਖ਼ਸੀਅਤਾਂ ਦੇ ਬੁੱਤ ਵੇਚਣ ਲਈ ਲਗਾ ਦਿੱਤੇ ਹਨ।
ਸਤਨਾਮ ਸਿੰਘ ਦਾਊਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਅਜਾਇਬਘਰ ਨੂੰ ਮੌਜੂਦਾ ਜ਼ਮੀਨ ਪੱਕੇ ਤੌਰ ’ਤੇ ਅਲਾਟ ਕੀਤੀ ਜਾਵੇ ਅਤੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣ ਤਾਂ ਜੋ ਇੱਥੇ ਸਿੱਖ ਅਜਾਇਬ ਘਰ ਦੀ ਵਧੀਆ ਇਮਾਰਤ ਬਣਾਈ ਜਾ ਸਕੇ। ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਹਰਭਜਨ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਸਿੱਖ ਇਤਿਹਾਸ ਦੇ ਪ੍ਰਚਾਰ ਲਈ ਪਿਛਲੇ 22 ਸਾਲਾਂ ਤੋਂ ਨਿਸਕਾਮ ਸੇਵਾ ਕਰਦੇ ਆ ਰਹੇ ਹਨ ਪ੍ਰੰਤੂ ਸਰਕਾਰਾਂ ਨੇ ਉਸ ਦੀ ਕਲਾਂ ਦਾ ਮੁੱਲ ਨਹੀਂ ਪਾਇਆ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੁਰੰਤ ਨਿੱਜੀ ਦਖ਼ਲ ਦੇ ਕੇ ਸੰਸਥਾ ਨੂੰ ਜ਼ਮੀਨ ਅਲਾਟ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਬੁਲਾਰਿਆਂ ਨੇ ਸਿੱਖ ਸੰਗਤ ਅਤੇ ਬੁੱਧੀਜੀਵੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਧਰਨੇ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਸਿੱਖ ਅਜਾਇਬਘਰ ਨੂੰ ਪੱਕੀ ਜ਼ਮੀਨ ਅਲਾਟ ਹੋ ਸਕੇ।