Nabaz-e-punjab.com

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ

ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼, ਜਲਦੀ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਲੜੀਵਾਰ ਸੰਘਰਸ਼ ਵਿੱਢਣ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪੇਂਡੂ ਜਲ ਘਰਾਂ ਵਿੱਚ ਮਹਿਜ਼ ਨਿਗੂਣੀਆਂ ਤਨਖ਼ਾਹਾਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਕੰਟਰੈਕਟ ਵਰਕਰਾਂ ਨੇ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਤ ਦੀ ਗਰਮੀ ਵਿੱਚ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਮੁਹਾਲੀ ਸਥਿਤ ਕਿਰਤ ਕਮਿਸ਼ਨ ਪੰਜਾਬ ਦੇ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਹੁਕਮਰਾਨਾਂ ਨੂੰ ਕੋਸਿਆ। ਧਰਨੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕੰਟਰੈਕਟ ਵਰਕਰ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸ਼ਾਮਲ ਹੋਏ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਕਿਰਤ ਕਾਨੂੰਨ ਤਹਿਤ ਬਣਦੀਆਂ ਤਮਾਮ ਸਹੂਲਤਾਂ ਦਿੱਤੀਆਂ ਜਾਣ। ਬੁਲਾਰਿਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਮੁਲਾਜ਼ਮਾਂ ਨੂੰ ਫੁੱਟੀ ਕੌੜੀ ਵੀ ਨਹੀਂ ਦਿੱਤੀ ਹੈ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਮੰਗ ਕੀਤੀ ਕਿ ਕੰਟਰੈਕਟ ਵਰਕਰਾਂ ਨੂੰ ਕਿਰਤ ਕਾਨੂੰਨ ਤਹਿਤ ਬਣਦੀਆਂ ਤਨਖ਼ਾਹਾਂ ਅਤੇ ਹਫ਼ਤਾਵਾਰੀ ਰੈਸਟ (ਛੁੱਟੀ) ਸਮੇਤ ਹੋਰ ਜਾਇਜ਼ ਮੰਗਾਂ ਦਾ ਫੌਰੀ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੱਚੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਲਦੀ ਨਹੀਂ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ, ਹਾਕਮ ਸਿੰਘ ਧਨੇਠਾ, ਸੁਰੇਸ਼ ਕੁਮਾਰ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ, ਸੰਦੀਪ ਖਾਂ, ਸੂਬਾ ਕੈਸ਼ੀਅਰ ਜਸਪ੍ਰੀਤ ਸਿੰਘ, ਸਹਾਇਕ ਕੈਸ਼ੀਅਰ ਸੁਰਿੰਦਰ ਸਿੰਘ ਮਾਨਸਾ, ਦਫ਼ਤਰ ਸਕੱਤਰ ਓਂਕਾਰ ਸਿੰਘ ਹੁਸ਼ਿਆਰਪੁਰ, ਪ੍ਰਚਾਰ ਸਕੱਤਰ ਪ੍ਰਦੂਮਣ ਸਿੰਘ ਅੰਮ੍ਰਿਤਸਰ, ਸੂਬਾ ਸਲਾਹਕਾਰ ਮਲਾਗਰ ਸਿੰਘ ਖਮਾਣੋਂ, ਸਲਾਹਕਾਰ ਤੇਜਿੰਦਰ ਸਿੰਘ ਮਾਨ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂ ਦੀਦਾਰ ਸਿੰਘ ਮੁਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ ਅਤੇ ਭਗਤ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…