ਆਂਸਲ ਵਾਸੀਆਂ ਦਾ ਧਰਨਾ ਪੰਜਵੇਂ ਦਿਨ ’ਚ ਦਾਖ਼ਲ, ਅਕਾਲੀ ਦਲ ਵੱਲੋਂ ਸਮਰਥਨ ਦੇਣ ਦਾ ਐਲਾਨ

ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸੋਹਾਣਾ ਨੇ ਸੈਕਟਰ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

ਪੀੜਤ ਲੋਕਾਂ ਵੱਲੋਂ 3 ਦਿਨ ਦਾ ਅਲਟੀਮੇਟਮ, 4 ਅਗਸਤ ਨੂੰ ਲਾਂਡਰਾਂ-ਖਰੜ ਸੜਕ ਜਾਮ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 1 ਅਗਸਤ:
ਇੱਥੋਂ ਦੇ ਸੈਕਟਰ-114 (ਆਂਸਲ) ਦੇ ਵਸਨੀਕਾਂ ਦਾ ਲਾਂਡਰਾਂ-ਖਰੜ ਸੜਕ ’ਤੇ ਆਂਸਲ-114 ਦੇ ਮੁੱਖ ਗੇਟ ਮੰਗਲਵਾਰ ਨੂੰ ਪੰਜਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਅਤੇ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।
ਧਰਨੇ ’ਤੇ ਬੈਠੇ ਲੋਕਾਂ ਨੇ ਅਕਾਲੀ ਆਗੂ ਨੂੰ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਜਿਸ ’ਤੇ ਸੋਹਾਣਾ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਗਮਾਡਾ ਅਤੇ ਰੀਅਲ ਅਸਟੇਟ ਕੰਪਨੀ ਨਾਲ ਗੱਲ ਕਰਕੇ ਪੀੜਤ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਹੰਭਲਾ ਮਾਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਪਰਵਿੰਦਰ ਸੋਹਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਸੀ ’ਤੇ ਬੈਠਦਿਆਂ ਅਤੇ ਇਸ ਤੋਂ ਪਹਿਲਾਂ ਚੋਣਾਂ ਵਿੱਚ ਇਹ ਐਲਾਨ ਕੀਤਾ ਕਿ ਇਨਸਾਫ਼ ਲਈ ਲੋਕਾਂ ਨੂੰ ਧਰਨੇ ਨਹੀਂ ਲਾਉਣਗੇ ਪ੍ਰੰਤੂ ਜਿਸ ਦਿਨ ਤੋਂ ਆਪ ਸਰਕਾਰ ਬਣੀ ਹੈ, ਉਸ ਦਿਨ ਤੋਂ ਹੀ ਧਰਨੇ ਜਾਰੀ ਹਨ ਲੇਕਿਨ ਇਸ ਦੇ ਬਾਵਜੂਦ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਆਂਸਲ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਮੀਤ ਪ੍ਰਧਾਨ ਪਾਲ ਸਿੰਘ ਰੱਤੂ, ਜਨਰਲ ਸਕੱਤਰ ਅਚਿਨ ਗਾਬਾ, ਕੈਸ਼ੀਅਰ ਨਿਹਾਲ ਸਿੰਘ ਸੈਣੀ, ਸੰਯੁਕਤ ਸਕੱਤਰ ਗੁਰਮੀਤ ਸਿੰਘ, ਜਥੇਬੰਦਕ ਸਕੱਤਰ ਹਰਦੀਪ ਸਿੰਘ ਨੇ ਤਿੰਨ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਦੌਰਾਨ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਚਾਰ ਅਗਸਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਮਾਰਗ (ਲਾਂਡਰਾਂ-ਖਰੜ) ’ਤੇ ਚੱਕਾ ਜਾਮ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਉਹ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ ਗਮਾਡਾ, ਡੀਸੀ ਅਤੇ ਐਸਐਸਪੀ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਕਰਨ ਦੀ ਗੁਹਾਰ ਲਗਾ ਚੁੱਕੇ ਹਨ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਉਨ੍ਹਾਂ ਨੂੰ ਸੜਕ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੇ ਬਿਲਡਰਾਂ ਨੂੰ ਰਿਹਾਇਸ਼ੀ ਜਾਂ ਵਪਾਰਕ ਪ੍ਰਾਜੈਕਟਾਂ ਦੀ ਮਨਜ਼ੂਰੀ ਦੇਣ ਤੋਂ ਬਾਅਦ ਕਦੇ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨ ਵੱਲ ਧਿਆਨ ਨਹੀਂ ਦਿੱਤਾ ਕਿ ਸਬੰਧਤ ਪ੍ਰਾਜੈਕਟ ਦੇ ਵਸਨੀਕਾਂ ਨੂੰ ਸ਼ਰਤਾਂ ਮੁਤਾਬਕ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ ਜਾਂ ਨਹੀਂ?

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …