ਹਰਕੇਸ਼ ਚੰਦ ਸ਼ਰਮਾ ਨੇ ਸਾਥੀਆਂ ਨਾਲ ਸਿੰਘੂ ਤੇ ਟਿਕਰੀ ਬਾਰਡਰ ਕਿਸਾਨਾਂ ਦੇ ਧਰਨੇ ’ਚ ਕੀਤੀ ਸ਼ਿਰਕਤ

ਸੰਘਰਸ਼ਸ਼ੀਲ ਕਿਸਾਨਾਂ ਨੂੰ ਦਵਾਈਆਂ, ਪਿੰਨੀਆਂ, ਦੁੱਧ, ਬਿਸਕੁਟ ਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ

ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਕਰੇ ਮੋਦੀ ਸਰਕਾਰ: ਹਰਕੇਸ਼ ਚੰਦ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੀ ਪਹਿਲੇ ਦਿਨ ਤੋਂ ਹੀ ਜ਼ੋਰਦਾਰ ਹਮਾਇਤ ਕਰ ਰਹੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਆਪਣੇ ਦਰਜਨਾਂ ਸਾਥੀਆਂ ਨਾਲ ਸਿੰਘੂ ਅਤੇ ਟਿਕਰੀ ਬਾਰਡਰ ਵਿਖੇ ਕਿਸਾਨਾਂ ਦੇ ਧਰਨਾ ਪ੍ਰਦਰਸ਼ਨਾਂ ਵਿੱਚ ਵੱਧ-ਚੜ੍ਹ ਕੇ ਸ਼ਿਰਕਤ ਕੀਤੀ। ਧਰਨੇ ਵਾਲੇ ਥਾਂ ’ਤੇ ਗੱਲਬਾਤ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਮੁਹਾਲੀ ਦੇ ਬੀਜ ਦੁਕਾਨਦਾਰਾਂ ਅਤੇ ਹੋਰ ਸਾਥੀਆਂ ਨਾਲ ਕਿਸਾਨਾਂ ਨੂੰ ਦੇਸੀ ਘੀ ਦੀਆਂ ਪਿੰਨੀਆਂ, ਦੁੱਧ, ਬਿਸਕੁਟ, ਦਵਾਈਆਂ ਅਤੇ ਹੋੇਰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਾਈਆਂ ਹਨ ਅਤੇ ਮੋਰਚੇ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ।
ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ‘ਤੇ ਹੱਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮੋਦੀ ਦੇ ਜ਼ਿੱਦੀ ਅਤੇ ਅੜੀਅਲ ਰਵਈਏ ਕਾਰਨ ਦੇਸ਼ ਦਾ ਅੰਨਦਾਤਾ ਇਸ ਅਤਿ-ਠੰਢੇ ਮੌਸਮ ਵਿੱਚ ਪਰਵਾਰਾਂ ਸਮੇਤ ਸੜਕਾਂ ‘ਤੇ ਰੁਲ ਰਿਹਾ ਹੈ ਪਰ ਸਰਕਾਰ ਨੂੰ ਉਨ੍ਹਾਂ ਦੀ ਉਕਾ ਹੀ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬੇਹੱਦ ਅਹਿਮ ਮਾਮਲੇ ਨੂੰ ਸੁਲਝਾਉਣ ਦੀ ਬਜਾਏ ਲਗਾਤਾਰ ਲਟਕਾ ਰਹੀ ਹੈ ਪਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਉਦੋਂ ਤੱਕ ਪੰਜਾਬ ਨੂੰ ਨਹੀਂ ਮੁੜਨਗੇ ਜਦ ਤਕ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ। ਮੱਛਲੀ ਕਲਾਂ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਪਰਿਵਾਰ ’ਚੋਂ ਹਨ ਅਤੇ ਬਾਖ਼ੂਬੀ ਸਮਝਦੇ ਹਨ ਕਿ ਇਹ ਕਾਲੇ ਕਾਨੂੰਨ ਕਿਸਾਨ ਅਤੇ ਕਿਸਾਨੀ ਲਈ ਕਿੰਨੇ ਮਾਰੂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਕਿਸਾਨਾਂ ਦੇ ਸਬਰ ਦੀ ਹੋਰ ਪਰਖ ਨਹੀਂ ਕਰਨੀ ਚਾਹੀਦੀ ਅਤੇ ਫ਼ੌਰੀ ਤੌਰ ‘ਤੇ ਇਹ ਕਾਨੂੰਨ ਰੱਦ ਕਰਕੇ ਸੱਚਮੁੱਚ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਦੇਹਕਲਾਂ, ਰਵਿੰਦਰ ਸਿੰਘ ਦੇਹਕਲਾਂ, ਮੇਹਰ ਸਿੰਘ ਥੇੜੀ, ਗੁਰਮੀਤ ਸਿੰਘ, ਜਸਪਾਲ ਸਿੰਘ ਨਿਆਮੀਆਂ, ਕਿਰਪਾਲ ਸਿੰਘ ਸਿਆਊ ਤੋਂ ਇਲਾਵਾ ਹੋਰਾਂ ਨੇ ਮੱਛਲੀ ਕਲਾਂ ਅਤੇ ਸਾਥੀਆਂ ਦਾ ਮੋਰਚੇ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਮੱਛਲੀ ਕਲਾਂ ਨਾਲ ਖ਼ਾਲਸਾ ਸੋਹਾਣਾ ਸੀਡ ਸਟੋਰ ਦੇ ਮਾਲਕ ਮਲਕੀਤ ਸਿੰਘ, ਹਰਬੰਸ ਲਾਲ ਸਰਪੰਚ ਮਲਕਪੁਰ, ਧੀਮਾਨ ਸੀਡ ਸਟੋਰ ਦੇ ਮਾਲਕ ਅਸ਼ੋਕ ਧੀਮਾਨ, ਪੰਜਾਬ ਖੇਤੀਬਾੜੀ ਸੈਂਟਰ ਦੇ ਮਾਲਕ ਸੁਰੇਸ਼ ਕੁਮਾਰ, ਕਿਸਾਨ ਸੀਡ ਸਟੋਰ ਦੇ ਮਾਲਕ ਅਵਿਨਾਸ਼ ਗੁਪਤਾ, ਐਮਆਰ ਖੇਤੀਬਾੜੀ ਸਟੋਰ ਦੇ ਮਾਲਕ ਰੋਮੀ, ਭਜਨ ਸਿੰਘ ਤੋਂ ਇਲਾਵਾ ਇਲਾਕੇ ਦੇ ਕਿਸਾਨ ਮੌਜੂਦ ਸਨ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…