ਖੇਤੀਬਾੜੀ ਸੈਕਟਰ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਡਾਇਰੈਕਟਰ ਦਫ਼ਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ

ਪੰਜਾਬ ਦੇ ਖੇਤੀ ਟੈਕਨੋਕਰੇਟਸ ਨਾਲ ਹੋ ਰਹੇ ਵਿਤਕਰੇ ਵਿਰੁੱਧ ਭਾਰੀ ਰੋਸ

ਵੈਟਰਨਰੀ ਅਫ਼ਸਰਾਂ ਨਾਲ ਤਨਖ਼ਾਹ ਸਮਾਨਤਾ ਬਰਕਰਾਰ ਰੱਖਣ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਐਗਰੀਕਲਚਰ ਟੈਕਨੋਕਰੇਟ ਐਕਸ਼ਨ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਅਤੇ ਐਗਟੈਕ ਦੇ ਸਾਬਕਾ ਜਨਰਲ ਸਕੱਤਰ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੁੱਝ ਖੇਤੀ ਵਿਰੋਧੀ ਸ਼ਕਤੀਆਂ ਲਗਾਤਾਰ ਕਿਸਾਨੀ ਨੂੰ ਢਾਹ ਲਾਉਣ ਅਤੇ ਕਿਸਾਨਾਂ ਕੋਲੋਂ ਖੇਤੀ ਪਸਾਰ ਸੇਵਾਵਾਂ ਖੋਹਣ ਸਮੇਤ ਖੇਤੀ ਟੈਕਨੋਕਰੇਟਸ ਨੂੰ ਦਬਾਉਣ ਦਾ ਯਤਨ ਕਰ ਰਹੀਆਂ ਹਨ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਿਭਾਗਾਂ ਵਿੱਚ ਤੁਰੰਤ ਪ੍ਰਭਾਵ ਨਾਲ ਉੱਚ ਯੋਗਤਾ ਵਾਲੇ ਖੇਤੀ ਮਾਹਰਾਂ ਦੀ ਭਰਤੀ ਕੀਤੀ ਜਾਵੇ ਅਤੇ ਵੈਟਰਨਰੀ ਡਾਕਟਰਾਂ ਨਾਲ ਤਨਖ਼ਾਹ ਸਮਾਨਤਾ ਬਰਕਰਾਰ ਰੱਖ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਜਥੇਬੰਦੀਆਂ ਕਿਸਾਨਾਂ ਦੇ ਸਹਿਯੋਗ ਨਾਲ 20 ਅਪਰੈਲ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਦਾਨ ਸੂਬਾ ਹੈ, ਜੋ ਕੇਂਦਰੀ ਅੰਨ-ਭੰਡਾਰ ਵਿੱਚ ਅਹਿਮ ਹਿੱਸਾ ਪਾਉਂਦਾ ਆ ਰਿਹਾ ਹੈ, ਜਿਸ ਦਾ ਸਿਹਰਾ ਜਿੱਥੇ ਕਿਸਾਨਾਂ ਦੀ ਹੱਡ-ਤੋੜਵੀਂ ਮਿਹਨਤ ਨੂੰ ਜਾਂਦਾ ਹੈ, ਉੱਥੇ ਖੇਤੀ ਖੋਜ ਅਤੇ ਪਸਾਰ ਸੇਵਾਵਾਂ ਦਾ ਵੀ ਇਸ ਪ੍ਰਾਪਤੀ ਵਿੱਚ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੰਜਾਬ ਵਾਸੀਆਂ ਨੇ ਖੇਤੀ ਆਰਥਿਕਤਾ ਨੂੰ ਮੁੜ ਪੈਰਾ ਸਿਰ ਕਰਨ ਲਈ ਖੇਤੀ ਟੈਕਨੋਕਰੇਟਸ (ਪਲਾਂਟ ਡਾਕਟਰਜ਼) ਦੀਆਂ ਸੇਵਾਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਤਵੱਜੋ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਐਗਰੀਕਲਚਰ ਸੈਕਟਰ ਇਕ ਮਹੱਤਵਪੂਰਨ ਵਿਭਾਗ ਹੈ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਵਿਭਾਗ ਲਈ ਕਿਸੇ ਮੰਤਰੀ ਨੂੰ ਵਿਭਾਗ ਦੀ ਜ਼ਿੰਮੇਵਾਰੀ ਨਾ ਦੇਣਾ ਅਤੇ ਇਸਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਨਾ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟਰ ਖੇਤੀਬਾੜੀ, ਸੰਯੁਕਤ ਡਾਇਰੈਕਟਰ ਅਤੇ ਕੁਝ ਜ਼ਿਲ੍ਹਾ ਮੁਖੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਪਰ ਪੱਕੀਆਂ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ। ਇਸ ਸਮੇਂ ਵੱਡੀ ਗਿਣਤੀ ਵਿੱਚ ਖੇਤੀਬਾੜੀ ਵਿਕਾਸ ਅਫ਼ਸਰਾਂ/ਬਾਗਬਾਨੀ ਵਿਕਾਸ ਅਫ਼ਸਰਾਂ/ਭੂਮੀ ਰੱਖਿਆ ਅਫ਼ਸਰ, ਫੀਡ ਅਤੇ ਚਾਰਾ ਅਫ਼ਸਰ ਦੀਆਂ ਅਸਾਮੀਆਂ ਵੀ ਖਾਲੀ ਹਨ। ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਬੇਰੁਜ਼ਗਾਰਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਹੈ ਪਰ ਇਸ ਗਿਣਤੀ ਵਿੱਚ ਇਨ੍ਹਾਂ ਅਸਾਮੀਆਂ ਦਾ ਜ਼ਿਕਰ ਤੱਕ ਨਹੀਂ ਹੈ। ਇੰਜ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਤੋਂ ਲੈ ਕੇ ਲਗਪਗ ਸਾਰੀਆਂ ਅਹਿਮ ਅਸਾਮੀਆਂ ਖਾਲੀ ਪਈਆਂ ਹਨ। ਕਿਸਾਨ ਹਿੱਤ ਵਿੱਚ ਤੁਰੰਤ ਪ੍ਰਭਾਵ ਨਾਲ ਖਾਲੀ ਅਸਾਮੀਆਂ ਭਰੀਆਂ ਜਾਣ।
ਇਸ ਮੌਕੇ ਡਾ. ਬਲਵਿੰਦਰ ਸਿੰਘ ਬੁਟਾਰੀ ਸਾਬਕਾ ਕਨਵੀਨਰ ਐਗਟੈਕ, ਡਾ. ਸੁਸ਼ੀਲ ਕੁਮਾਰ ਕਨਵੀਨਰ ਐਗਟੈਕ, ਡਾ. ਕਿਰਪਾਲ ਸਿੰਘ ਢਿੱਲੋਂ ਪ੍ਰਧਾਨ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ, ਡਾ. ਗੁਰਮੇਲ ਸਿੰਘ ਜਨਰਲ ਸਕੱਤਰ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ, ਡਾ. ਹਰਜਿੰਦਰ ਸਿੰਘ ਪ੍ਰਧਾਨ, ਡਾ. ਪਰਮਵੀਰ ਸਿੰਘ ਮਾਵੀ ਅਤੇ ਡਾ. ਵਿਜੇ ਮਹੇਸ਼ੀ ਜਨਰਲ ਸਕੱਤਰ (ਭੂਮੀ ਰੱਖਿਆ ਅਫ਼ਸਰ ਐਸੋਸੀਏਸ਼ਨ) ਡਾ. ਨਿਖਿਲ ਮਹਿਤਾ ਬਾਗਬਾਨੀ ਵਿਭਾਗ, ਡਾ. ਚਤਰਜੀਤ ਸਿੰਘ, ਡਾ. ਹਰਮਨਪ੍ਰੀਤ ਸਿੰਘ ਸੰਧੂ ਅਤੇ ਹਰਵਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…