ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਵੱਲੋਂ ਧਰਨਾ ਤੇ ਰੋਸ ਮਾਰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਵੱਲੋਂ ਦੇਸ਼-ਵਿਆਪੀ ਹੜਤਾਲ ਵਿੱਚ ਸ਼ਾਮਲ ਹੋ ਕੇ ਸੋਮਵਾਰ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਦੇ ਬਾਹਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਆਸ਼ਾ ਵਰਕਰਾਂ ਨੇ ਸਿਵਲ ਸਰਜਨ ਦਫ਼ਤਰ ਤੱਕ ਰੋਸ ਮਾਰਚ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ (ਸੀਟੂ) ਜ਼ਿਲ੍ਹਾ ਮੁਹਾਲੀ ਵੱਲੋਂ ਆਸ਼ਾ ਵਰਕਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਇੱਕ ਰੋਜਾ ਹੜਤਾਲ ਕੀਤੀ ਗਈ। ਜਿਸ ਨੂੰ ਸਾਰੇ ਬਲਾਕਾਂ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਆਸ਼ਾ ਵਰਕਰਾਂ ਫਰੰਟਲਾਈਨ ਵਜੋਂ ਕੰਮ ਕਰ ਰਹੀਆਂ ਹਨ, ਪ੍ਰੰਤੂ ਉਨ੍ਹਾਂ ਨੂੰ ਇਸ ਜੋਖ਼ਮ ਭਰੇ ਕੰਮ ਲਈ ਕੋਈ ਸੁਰੱਖਿਆ ਕਿੱਟ ਮੁਹੱਈਆ ਨਹੀਂ ਕਰਵਾਈ ਗਈ। ਜਿਸ ਕਾਰਨ ਉਹ ਆਪਣੀ ਜਾਨ ਨੂੰ ਦਾਅ ’ਤੇ ਲਗਾ ਕੇ ਪਿੰਡਾਂ ਵਿੱਚ ਵੈਕਸੀਨੇਸ਼ਨ, ਟੈਸਟਿੰਗ ਅਤੇ ਘਰ-ਘਰ ਜਾ ਕੇ ਸਰਵੇ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਦੇ ਜ਼ਿਆਦਾਤਰ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਲੋਕਾਂ ਨਾਲ ਸੰਪਰਕ ਬਣਾਉਣ ਤੋਂ ਡਰ ਰਹੇ ਹਨ ਪ੍ਰੰਤੂ ਆਸ਼ਾ ਵਰਕਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਦੌਰਾਨ ਕਈ ਆਸ਼ਾ ਵਰਕਰ ਡਿਊਟੀ ਕਰਦੀਆਂ ਮਹਾਮਾਰੀ ਨਾਲ ਪੀੜਤ ਹੋਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਚੁੱਕੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਕਰੋਨਾ ਡਿਊਟੀ ਭੱਤਾ 2500 ਤੋਂ ਵਧਾ ਕੇ 5000 ਕੀਤਾ ਜਾਵੇ, ਘਟੋਂ-ਘੱਟ ਉਜਰਤ ਪ੍ਰਣਾਲੀ ਤਹਿਤ ਤਨਖ਼ਾਹ ਦਿੱਤੀ ਜਾਵੇ, ਮਹਿਕਮੇ ਵਿੱਚ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ, ਵਰਕਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰਵੇ ਕਰਨ ਲਈ ਦਸਤਾਨੇ, ਮਾਸਕ, ਸੈਨੇਟਾਈਜਰ ਅਤੇ ਹੋਰ ਲੋੜੀਂਦੀ ਸਮਗਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਚੰਦਰ ਸੇਖਰ, ਕੁਲਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਕੌਰ ਬੜਮਾਜਰਾ, ਮੀਤ ਪ੍ਰਧਾਨ ਭੁਪਿੰਦਰ ਕੌਰ ਚੱਪੜਚਿੜੀ, ਸੂਬਾ ਪ੍ਰਧਾਨ ਰਣਜੀਤ ਕੌਰ, ਬਲਾਕ ਪ੍ਰਧਾਨ ਸੰਜੀਤਾ ਮੁੱਲਾਂਪੁਰ, ਕਮਲਜੀਤ, ਭੁਪਿੰਦਰ ਕੌਰ, ਸ਼ਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…