Share on Facebook Share on Twitter Share on Google+ Share on Pinterest Share on Linkedin ਵਜ਼ੀਫ਼ਾ ਘੁਟਾਲਾ: ਦਲਿਤ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਮੌਕੇ ਵੱਖ-ਵੱਖ ਥਾਵਾਂ ’ਤੇ ਧਰਨੇ, ਚੱਕਾ ਜਾਮ ਯੂਪੀ ਗੈਂਗਰੇਪ ਦਾ ਮਾਮਲਾ ਵੀ ਚੁੱਕਿਆ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ: ਸੰਤ ਸਮਾਜ ਸੰਘਰਸ਼ ਕਮੇਟੀ ਅਤੇ ਦਲਿਤਾਂ ਦੀਆਂ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਬਹੁ ਕਰੋੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ ਘੁਟਾਲਾ) ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਅਪੀਲ ਦਾ ਸਮਰਥਨ ਕਰਦਿਆਂ ਦਲਿਤ ਵਰਗ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਖਰੜ ਬੱਸ ਅੱਡਾ ਨੇੜੇ ਫਲਾਈਓਵਰ ਦੇ ਥੱਲੇ ਧਰਨਾ ਦਿੱਤਾ ਗਿਆ। ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ। ਇਸ ਮੌਕੇ ਉਤਰ ਪ੍ਰਦੇਸ਼ ਵਿੱਚ ਦਲਿਤ ਪਰਿਵਾਰ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਮਗਰੋਂ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਅਤੇ ਪੁਲੀਸ ਵੱਲੋਂ ਪੀੜਤ ਪਰਿਵਾਰ ਦੀ ਗੈਰਮੌਜੂਦਗੀ ਵਿੱਚ ਅੱਧੀ ਰਾਤ ਤੋਂ ਬਾਅਦ ਅੰਤਿਮ ਸਸਕਾਰ ਕਰਨ ਦਾ ਮਾਮਲਾ ਵੀ ਚੁੱਕਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਧਰਨੇ ਦੇ ਕੇ ਰੋਸ ਪ੍ਰਗਟਾਵੇ ਕੀਤੇ ਗਏ ਹਨ। ਦਲਿਤ ਵਰਗ ਦੀ ਸੰਸਥਾ ਪੈਗਾਮ ਦੇ ਮੁਖੀ ਸੀਨੀਅਰ ਆਈਏਐਸ (ਸੇਵਾਮੁਕਤ) ਐਸਆਰ ਲੱਧੜ ਨੇ ਦੱਸਿਆ ਕਿ ਅੱਜ ਪੰਜਾਬ ਬੰਦ ਦੀ ਅਪੀਲ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਮਿਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਾਰੀ ਰਹਿਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਦਲਿਤ ਵਿਦਿਆਰਥੀਆਂ ਨੂੰ ਤੁਰੰਤ ਡਿਗਰੀਆਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੀ ਵਿੱਦਿਅਕ ਯੋਗਤਾ ਮੁਤਾਬਕ ਰੁਜ਼ਗਾਰ ਦੀ ਭਾਲ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਵਜ਼ੀਫ਼ੇ ਲਈ ਦਲਿਤ ਬੱਚਿਆਂ ’ਤੇ ਲਗਾਈ ਢਾਈ ਲੱਖ ਦੀ ਸ਼ਰਤ ਹਟਾ ਕੇ ਇਸ ਦਾ ਘੇਰਾ 5 ਲੱਖ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਜ਼ੀਫ਼ਾ ਫੰਡ ਦਾ ਪੈਸਾ ਸਿੱਧੇ ਤੌਰ ’ਤੇ ਦਲਿਤ ਬੱਚਿਆਂ ਦੇ ਖਾਤਿਆਂ ਵਿੱਚ ਟਰਾਂਸਫਰ ਹੋਣਾ ਚਾਹੀਦਾ ਹੈ। ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਕਾਰਨ ਦਲਿਤ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਹੁੰਦਾ ਜਾ ਰਿਹਾ ਹੈ। ਦਲਿਤ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫ਼ੇ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਗਰੀਬ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤਾਂ ਵਾਂਝਾ ਰੱਖਣ ਦੀਆਂ ਸਾਜ਼ਿਸ਼ ਘੜੀਆਂ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਸਕਾਲਰਸ਼ਿਪ ਦਾ ਪੈਸਾ ਰਿਲੀਜ਼ ਨਹੀਂ ਕੀਤਾ ਜਾ ਰਿਹਾ ਹੈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਆਪ ਆਦਮੀ ਪਾਰਟੀ (ਆਪ) ਦੇ ਆਗੂ ਜਗਦੇਵ ਸਿੰਘ ਮਲੋਆ, ਹਰਜੀਤ ਸਿੰਘ ਬੰਟੀ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਦਫ਼ਤਰ ਸਕੱਤਰ ਤੇ ਬੁਲਾਰੇ ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਵਜ਼ਾਰਤ ਦਾ ਇਕ ਮੰਤਰੀ ਦਲਿਤ ਵਿਦਿਆਰਥੀਆਂ ਦੇ ਫੀਸਾਂ ਦੇ ਪੈਸੇ ਹੜੱਪ ਕਰ ਗਿਆ ਹੈ। ਉਨ੍ਹਾਂ ਕਿਹਾ ਕਿ 9 ਲੱਖ ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ਵਿੱਚ ਹੋਏ ਘੁਟਾਲੇ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀ ਨੂੰ ‘ਕਲੀਨ ਚਿੱਟ’ ਦੇਣ ਨਾਲ ਕਾਂਗਰਸ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਉਧਰ, ਡਾ. ਅੰਬੇਦਕਰ ਮੈਮੋਰੀਅਲ ਟਰੱਸਟ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਸੋਢੀ ਨੇ ਵੀ ਵਜ਼ੀਫ਼ਾ ਘੁਟਾਲੇ ਸਬੰਧੀ ਪੰਜਾਬ ਬੰਦ ਦੀ ਅਪੀਲ ਦਾ ਸਮਰਥਨ ਕਰਦਿਆਂ ਦਲਿਤ ਜਥੇਬੰਦੀਆਂ ਨੂੰ ਵੱਖੋ-ਵੱਖਰੇ ਤੌਰ ’ਤੇ ਸੰਘਰਸ਼ ਕਰਨ ਦੀ ਸਾਂਝੀ ਲੜਾਈ ਲੜਨ ਦੀ ਅਪੀਲ ਕੀਤੀ ਤਾਂ ਜੋ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ। ਇਸ ਮੌਕੇ ਕਿਸਾਨ ਯੂਨੀਅਨ ਆਗੂ ਜਸਪਾਲ ਸਿੰਘ ਨਿਆਮੀਆਂ, ਗੁਰਮੁੱਖ ਸਿੰਘ ਢੋਲਣਮਾਜਰਾ, ਗੁਰਮੀਤ ਸਿੰਘ ਖੂੰਨੀਮਾਜਰਾ, ਕਰਨੈਲ ਸਿੰਘ, ਡੀਆਰ ਪਾਲ, ਗੌਤਮ ਗਿਰੀਸ਼ ਮੁਹਾਲੀ, ਰਣਧੀਰ ਸਿੰਘ ਧੀਰਾ ਸਾਬਕਾ ਸਰਪੰਚ, ਕਿਰਪਾਲ ਸਿੰਘ ਮੁੰਡੀ ਖਰੜ ਅਤੇ ਬਸਪਾ ਆਗੂ ਲਖਵੀਰ ਸਿੰਘ ਬਡਾਲਾ ਸਮੇਤ ਹੋਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ