
ਪੰਜਾਬ ਦੀ ਤਰੱਕੀ ਲਈ ਜ਼ਰੂਰੀ ਸੀ ਢੀਂਡਸਾ ਤੇ ਬ੍ਰਹਮਪੁਰਾ ਦਾ ਇਕੱਠੇ ਹੋਣਾ: ਬੱਬੀ ਬਾਦਲ
ਪੰਜਾਬ ਵਿੱਚ ਚੌਥਾ ਬਦਲ ਬਣ ਕੇ ਉੱਭਰੇਗਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ)
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੂੰ ਭੰਗ ਕਰਕੇ ਬਣਾਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਾਰੇ ਟਿੱਪਣੀ ਕਰਦਿਆਂ ਸੀਨੀਅਰ ਯੂਥ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਇਹ ਮੌਜੂਦਾ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ। ਸੀਨੀਅਰ ਆਗੂਆਂ ਦੇ ਇਕੱਠੇ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਸਿੱਖ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਹਲਚਲ ਪੈਦਾ ਹੋਵੇਗੀ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਭ੍ਰਿਸ਼ਟ ਆਗੂਆਂ ਨੂੰ ਲਾਂਭੇ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਹਾਲਤ ਹੁਕਮਰਾਨਾਂ ਨੇ ਅੱਜ ਬਣਾ ਦਿੱਤੇ ਹਨ, ਉਹ ਪੰਜਾਬ ਦੀ ਵਿਗੜ ਰਹੀ ਆਰਥਿਕ, ਸਮਾਜਿਕ ਤੇ ਰਾਜਸੀ ਹਾਲਤਾਂ ਨੂੰ ਹੋਰ ਜ਼ਿਆਦਾ ਵਿਗਾੜ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਜੋਕੇ ਹਾਲਾਤ ਕਿਸੇ ਕੋਲੋਂ ਲੁਕੇ ਨਹੀਂ ਹਨ ਅਤੇ ਹੁਣ ਇਹ ਗੱਲ ਜੱਗ ਜਾਹਰ ਹੋ ਗਈ ਹੈ ਕਿ ਸੂਬੇ ਨੂੰ ਅੰਦਰਖਾਤੇ ਮਾਫ਼ੀਆ ਚਲਾ ਰਿਹਾ ਹੈ ਜੋ ਅਫ਼ਸਰਸ਼ਾਹੀ ’ਤੇ ਵੀ ਭਾਰੂ ਹੈ। ਅਕਾਲੀ ਆਗੂ ਨੇ ਦਾਅਵੇ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਲੋਕਾਂ ਦੀਆਂ ਉਮੀਦਾਂ ਅਨੁਸਾਰ ਪੰਜਾਬ ਦੀ ਸਿਆਸੀ, ਧਾਰਮਿਕ ਤੇ ਸਮਾਜਿਕ ਸਥਿਤੀ ਨੂੰ ਬਦਲ ਦੇਵੇਗਾ।
ਇਸ ਮੌਕੇ ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਗਦੀਪ ਸਿੰਘ ਪ੍ਰਧਾਨ, ਨਰਿੰਦਰ ਸਿੰਘ ਮੈਣੀ, ਹਰਜੀਤ ਸਿੰਘ ਜੀਤੀ ਜਗੀਰਦਾਰ, ਜਸਵੰਤ ਸਿੰਘ, ਇਕਬਾਲ ਸਿੰਘ, ਰਣਧੀਰ ਸਿੰਘ, ਮਨਵੀਰ ਸਿੰਘ ਗੀਗੇ ਮਾਜਰਾ, ਕਰਤਾਰ ਸਿੰਘ ਵੀ ਹਾਜ਼ਰ ਸਨ।