
ਹਾਈ ਕੋਰਟ ਦੇ ਫੈਸਲੇ ਦੀ ਕਾਪੀਆਂ ਸਾੜਨ ਬਾਰੇ ਢੀਂਡਸਾ ਧੜੇ ਦੇ ਆਗੂ ਇਕਮਤ ਨਹੀਂ, ਯੂ ਟਰਨ ਲਿਆ
ਸਾਬਕਾ ਜਥੇਦਾਰ ਤੇ ਹੋਰਨਾਂ ਆਗੂਆਂ ਨੇ 30 ਅਪਰੈਲ ਨੂੰ ਅਦਾਲਤੀ ਫੈਸਲੇ ਦੀਆਂ ਕਾਪੀਆਂ ਸਾੜਨ ਦਾ ਕੀਤਾ ਸੀ ਐਲਾਨ
ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਹੋਈ ਸੀ ਸਿੱਖ ਜਥੇਬੰਦੀਆਂ ਤੇ ਰਾਜਸੀ ਆਗੂਆਂ ਦੀ ਹੰਗਾਮੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਬਾਰੇ ਐਨ ਮੌਕੇ ਯੂ ਟਰਨ ਲੈਂਦਿਆਂ ਆਪਣੇ ਵਰਕਰਾਂ ਨੂੰ ਮੋਬਾਈਲ ਫੋਨਾਂ ’ਤੇ ਭੇਜੇ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਭਲਕੇ 30 ਅਪਰੈਲ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਬਾਰੇ ਪਾਰਟੀ ਵੱਲੋਂ ਕੋਈ ਨਿਰਦੇਸ਼ ਨਹੀਂ ਹੈ। ਉਂਜ ਉਹ (ਵਰਕਰ) ਸਿੱਖ ਹੋਣ ਦੇ ਨਾਤੇ ਆਪਣੇ ਪੱਧਰ ’ਤੇ ਇਸ ਰੋਸ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਸਬੰਧੀ ਪਾਰਟੀ ਵੱਲੋਂ ਜਲਦੀ ਹੀ ਕੋਈ ਪੁਖ਼ਤਾ ਪ੍ਰੋਗਰਾਮ ਉਲੀਕ ਕੇ ਸੂਚਿਤ ਕੀਤਾ ਜਾਵੇਗਾ। ਲਿਹਾਜ਼ਾ ਪਹਿਲਾਂ ਭੇਜਿਆ ਸੁਨੇਹਾ ਵਾਪਸ ਲਿਆ ਗਿਆ ਸਮਝਿਆ ਜਾਵੇ।
ਇਸ ਗੱਲ ਦੀ ਪੁਸ਼ਟੀ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਢੀਂਡਸਾ ਨੇ ਕੀਤੀ ਹੈ। ਉਂਜ ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਉਹ ਭਲਕੇ ਸ਼ੁੱਕਰਵਾਰ ਨੂੰ ਨਿੱਜੀ ਤੌਰ ’ਤੇ ਕੋਟਕਪੂਰਾ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕਿਉਂਕਿ ਬੀਤੇ ਦਿਨੀਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਉਹ ਸ਼ਾਮਲ ਸਨ।
ਉਧਰ, ਸੂਤਰ ਦੱਸਦੇ ਹਨ ਕਿ ਢੀਂਡਸਾ ਧੜੇ ਦੇ ਸੀਨੀਅਰ ਆਗੂ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਸਬੰਧੀ ਇਕਮਤ ਨਹੀਂ ਹਨ। ਇਸ ਸਬੰਧੀ ਕਈ ਸੀਨੀਅਰ ਆਗੂਆਂ ਨੇ ਆਪਣਾ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਉੱਚ ਅਦਾਲਤ ਦੇ ਫੈਸਲੇ ਦੀ ਕਾਪੀਆਂ ਸਾੜਨ ਦਾ ਫੈਸਲਾ ਜਲਦਬਾਜ਼ੀ ਵਿੱਚ ਲਿਆ ਗਿਆ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਆਪਣੇ ਵਰਕਰਾਂ ਨੂੰ ਇਹ ਸੁਨੇਹਾ ਭੇਜਿਆ ਗਿਆ ਸੀ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਆਪੋ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਈ ਕੋਰਟ ਦੇ ਤਾਜ਼ਾ ਫੈਸਲੇ ਦੀਆਂ ਕਾਪੀਆਂ ਸਾੜ ਕੇ ਇਸ ਫੈਸਲੇ ਪ੍ਰਤੀ ਆਪਣਾ ਵਿਰੋਧ ਦਰਜ ਜ਼ਰੂਰ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਬੀਤੀ 27 ਅਪਰੈਲ ਨੂੰ ਕੋਟਕਪੂਰਾ ਗੋਲੀਕਾਂਡ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਾਜ਼ਾ ਫੈਸਲੇ ਖ਼ਿਲਾਫ਼ ਆਪਣਾ ਰੋਸ ਜਾਹਿਰ ਕਰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਨੇ ਨਿਆਂ ਪਾਲਿਕਾ ਦੇ ਇਸ ਫੈਸਲੇ ਨੂੰ ਸਿਆਸੀ ਅਤੇ ਪੱਖਪਾਤੀ ਕਰਾਰ ਦਿੰਦੇ ਹੋਏ 30 ਅਪਰੈਲ ਨੂੰ ਸਵੇਰੇ 11 ਵਜੇ ਉੱਚ ਅਦਾਲਤ ਦੀ ਜੱਜਮੈਂਟ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਗਿਆ ਸੀ। ਇਹ ਫੈਸਲਾ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ, ਸੰਤ ਸਮਾਜ, ਨੌਜਵਾਨ ਪ੍ਰਚਾਰਕ, ਬੁੱਧੀਜੀਵੀਆਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਲਿਆ ਗਿਆ ਸੀ।
ਇਸ ਮੀਟਿੰਗ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਬਾਬਾ ਹਰਦੀਪ ਸਿੰਘ ਡਿਬਡਿਬਾ, ਬਾਬਾ ਹਰਦੀਪ ਸਿੰਘ ਮਹਿਰਾਜ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਹਰਜਿੰਦਰ ਸਿੰਘ ਮਾਝੀ, ਬੱਬੀ ਬਾਦਲ, ਜੋਗਾ ਸਿੰਘ ਛਪਾਰ, ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ, ਵਿਧਾਇਕ ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਐਸਜੀਪੀਸੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਪਰਵਿੰਦਰ ਸਿੰਘ ਡੂਮਛੇੜੀ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਰਵਿੰਦਰ ਸਿੰਘ ਵਜੀਦਪੁਰ, ਗਗਨਪ੍ਰੀਤ ਸਿੰਘ ਬੈਂਸ ਸਮੇਤ ਸਿੱਖ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।