ਢੀਂਡਸਾ ਦੇ ਯਤਨਾਂ ਨੂੰ ਬੂਰ ਪਿਆ: ਜਥੇਦਾਰ ਤਲਵੰਡੀ ਤੇ ਸਾਥੀ ਵੀਰਵਾਰ ਨੂੰ ਹੋਣਗੇ ਨਵੇਂ ਦਲ ਵਿੱਚ ਸ਼ਾਮਲ

ਮੁਹਾਲੀ ਸਥਿਤ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਵਿੱਚ ਹੋਵੇਗਾ ਸਾਧਾਰਨ ਸਮਾਰੋਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਸਿਆਸੀ ਪਾਰੀ ਲਈ ਸਰਗਰਮੀ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਆਪਣੀ ਅਣਦੇਖੀ ਦਾ ਸ਼ਿਕਾਰ ਹੋ ਕੇ ਘਰਾਂ ਵਿੱਚ ਸ਼ਾਂਤ ਬੈਠੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਮਨਾ ਕੇ ਆਪਣੇ ਨਾਲ ਤੋਰਨ ਲਈ ਆਰੰਭੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਭਲਕੇ 23 ਜੁਲਾਈ ਨੂੰ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਤਤਕਾਲੀ ਡਿਪਟੀ ਕਮਿਸ਼ਨਰ ਤੇ ਢੀਂਡਸਾ ਦੇ ਜਵਾਈ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਟਕਸਾਲੀ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ 11 ਵਜੇ ਜਥੇਦਾਰ ਤਲਵੰਡੀ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਹੇਠ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਸਬੰਧੀ ਕੋਵਿਡ-19 ਸਬੰਧੀ ਜ਼ਰੂਰੀ ਹਦਾਇਤਾਂ ਅਤੇ ਸੋਸ਼ਲ ਡਿਸਟੈਂਸੀ ਨੂੰ ਧਿਆਨ ਵਿੱਚ ਰੱਖਦਿਆਂ ਮੁਹਾਲੀ ਸਥਿਤ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਫੇਜ਼-11 ਵਿੱਚ ਇਕ ਸਾਧਾਰਨ ਜਿਹਾ ਪ੍ਰੋਗਰਾਮ ਰੱਖਿਆ ਗਿਆ ਹੈ। ਜਿਸ ਵਿੱਚ ਬਹੁਤ ਹੀ ਘੱਟ ਵਿਅਕਤੀਆਂ ਨੂੰ ਪਹੁੰਚਣ ਲਈ ਸੱਦਾ ਗਿਆ ਹੈ। ਉਨ੍ਹਾਂ ਮੀਡੀਆ ਕਰਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਸੀ ਵਿਚਾਰ ਚਰਚਾ ਕਰਕੇ ਵਾਰੋ ਵਾਰੀ ਪਹਿਲਾਂ ਪ੍ਰਿੰਟ ਮੀਡੀਆ ਅਤੇ ਬਾਅਦ ਵਿੱਚ ਇਲੈਕਟ੍ਰਾਨਿਕ ਮੀਡੀਆ ਕਵਰੇਜ ਕਰਨ ਲਈ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ 25 ਜੁਲਾਈ ਨੂੰ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ ਆਪਣੇ ਸਾਥੀਆਂ ਸਮੇਤ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਅਮਰੀਕਾ ਵਿੱਚ ਅਕਾਲੀ ਦਲ ਦੇ ਪ੍ਰਧਾਨ ਰਹੇ ਪਰਵਾਸੀ ਪੰਜਾਬੀ ਮਨਜੀਤ ਸਿੰਘ ਦਸੂਹਾ ਵੀ ਢੀਂਡਸਾ ਨਾਲ ਚੱਲਣ ਦਾ ਰਸਮੀ ਐਲਾਨ ਕਰਨਗੇ।
ਆਗੂਆਂ ਨੇ ਆਉਣ ਵਾਲੇ ਦਿਨਾਂ ਵਿੱਚ ਇਕ ਪਰਿਵਾਰ ਦੀ ਮਲਕੀਅਤ ਵਾਲੇ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਜਾਵੇਗਾ। ਇਸ ਸਬੰਧੀ ਹਰ ਉਸ ਪੰਥਕ ਸ਼ਖ਼ਸੀਅਤ ਦੇ ਘਰ ਦਾ ਬੂਹਾ ਖੜਕਾਇਆ ਜਾਵੇਗਾ ਜੋ ਪਿਛਲੇ ਲੰਮੇ ਸਮੇਂ ਅਣਦੇਖੀ ਦਾ ਸ਼ਿਕਾਰ ਹਨ ਅਤੇ ਮੌਜੂਦਾ ਸਮੇਂ ਵਿੱਚ ਆਪਣੀ ਸਿਆਸੀ ਸਰਗਰਮੀਆਂ ਠੰਢੀਆਂ ਕਰਕੇ ਆਪਣੇ ਘਰਾਂ ਵਿੱਚ ਬੈਠੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਕਈ ਸਾਬਕਾ ਮੈਂਬਰ, ਸੀਨੀਅਰ ਆਗੂ ਅਤੇ ਇੱਥੋਂ ਤੱਕ ਕਿ ਕਈ ਸਿਰਕੱਢ ਕਾਂਗਰਸੀ ਆਗੂ ਵੀ ਢੀਂਡਸਾ ਨਾਲ ਚੱਲਣ ਲਈ ਉਤਾਵਲੇ ਹਨ। ਜਿਨ੍ਹਾਂ ਦੇ ਨਾਵਾਂ ਦਾ ਸਮਾਂ ਆਉਣ ’ਤੇ ਖ਼ੁਲਾਸਾ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …