
ਸਿਆਸੀ ਹੱਲ-ਚੱਲ: ਕੀ ਸੱਚ-ਮੁੱਚ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਤੋਂ ਅਸਤੀਫ਼ਾ ਮੰਗਿਆ?
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਸਤੰਬਰ:
ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਓਵੇਂ ਓਵੇਂ ਸੂਬੇ ਅੰਦਰ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ ਅਤੇ ਜੋੜ ਤੋੜ ਦਾ ਸਿਲਸਿਲਾ ਆਰੰਭ ਹੋ ਚੁੱਕਾ ਹੈ। ਇਸ ਦੇ ਚੱਲਦਿਆਂ ਅੱਜ ਪੰਜਾਬ ਕਾਂਗਰਸ ਵਿੱਚ ਵੱਡਾ ਤੂਫ਼ਾਨ ਆਉਣ ਦੇ ਚਰਚੇ ਹਨ। ਅੱਜ ਸ਼ਾਮ 5 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨਾ ਖੁਸ਼ ਅਤੇ ਨਾਰਾਜ਼ ਵਿਧਾਇਕਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਦੋਂਕਿ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਪਤਿਆਉਣ ਲਈ ਅੱਜ ਬਾਅਦ ਦੁਪਹਿਰ 2 ਵਜੇ ਮੀਟਿੰਗ ਸੱਦੀ ਗਈ ਹੈ ਅਤੇ ਇਸ ਸਬੰਧੀ ਬਾਕਾਇਦਾ ਵਿਧਾਇਕਾਂ ਨੂੰ ਮੀਟਿੰਗ ਵਿੱਚ ਪਹੁੰਚਣ ਲਈ ਸੁਨੇਹੇ ਵੀ ਲਗਾਏ ਜਾ ਰਹੇ ਹਨ।
ਉਧਰ, ਸੂਤਰ ਦੱਸਦੇ ਹਨ ਕਿ ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਮੰਗ ਲਿਆ ਹੈ। ਹਾਈ ਕਮਾਂਡ ਨੇ ਕੈਪਟਨ ਨੂੰ ਸਲਾਹ ਦਿੱਤੀ ਹੈ ਕਿ ਉਹ ਇੱਜ਼ਤ ਮਾਣ ਨਾਲ ਗੱਦੀ ਛੱਡ ਦੇਣ। ਕਿਉਂਕਿ ਇਸ ਵਿੱਚ ਹੀ ਉਨ੍ਹਾਂ ਦੀ ਭਲਾਈ ਹੈ। ਕੈਪਟਨ ਵੀ ਕੱਚੇ ਖਿਡਾਰੀ ਨਹੀਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਸਤੀਫ਼ਾ ਦਿੰਦੇ ਹਨ ਜਾਂ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਦਾ ਰੁੱਖ ਬਦਲਣ ਲਈ ਕੋਈ ਨਵਾਂ ਪੈਂਤੜਾਂ ਖੇਡਦੇ ਹਨ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਤਾਈਂ ਦਿੱਲੀ ਤੋਂ ਕੋਈ ਵੀ ਅਜਿਹਾ ਫੋਨ ਜਾਂ ਸੁਨੇਹਾ ਨਹੀਂ ਲੱਗਿਆ ਹੈ, ਜਿਸ ਵਿੱਚ ਹਾਈ ਕਮਾਂਡ ਨੇ ਕੈਪਟਨ ਤੋਂ ਅਸਤੀਫ਼ਾ ਮੰਗਿਆ ਹੋਵੇ ਜਾਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਨੇਕ ਸਲਾਹ ਦਿੱਤੀ ਹੋਵੇ। ਮੁੱਖ ਮੰਤਰੀ ਦੇ ਖ਼ੇਮੇ ਦਾ ਕਹਿਣਾ ਹੈ ਕਿ ਇਹ ਸਭ ਝੂਠੀਆਂ ਅਫ਼ਵਾਹਾਂ ਹਨ। ਹੁਣ ਸਾਰਿਆਂ ਦੀ ਨਜ਼ਰਾਂ ਸ਼ਾਮ ਨੂੰ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਵੀ ਆਪਣੇ ਸਾਥੀ ਮੰਤਰੀਆਂ ਅਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।