Nabaz-e-punjab.com

ਚੰਡੀਗੜ੍ਹ ਤੋਂ ਪੰਜਾਬ ਵਿੱਚ ਡੀਜ਼ਲ ਸਮਗਲਿੰਗ ਕਰਨ ਵਾਲਾ ਚਾਲਕ ਤੇ ਪੈਟਰੋਲ ਪੰਪ ਮੈਨੇਜਰ ਗ੍ਰਿਫ਼ਤਾਰ

ਮੁਲਜ਼ਮ ਚੰਡੀਗੜ੍ਹ ’ਚੋਂ ਪੰਜਾਬ ਲਿਆ ਰਹੇ ਸਨ 2500 ਲੀਟਰ ਡੀਜ਼ਲ ਨਾਲ ਭਰਿਆ ਟੈਂਕਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਚੰਡੀਗੜ੍ਹ ’ਚੋਂ ਗੈਰ ਕਾਨੂੰਨੀ ਢੰਗ ਨਾਲ ਪੈਟਰੋਲ ਅਤੇ ਡੀਜ਼ਲ ਪੰਜਾਬ ਵਿੱਚ ਸਮੱਗਲ ਕੀਤੇ ਜਾਣ ਦੀਆਂ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਤੇ ਏਸੀਐਸ (ਕਰ) ਅਤੇ ਈਟੀਸੀ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਸਮੱਗਲਿੰਗ ਨੂੰ ਰੋਕਣ ਲਈ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਅੱਜ ਏਈਟੀਸੀ ਸ਼ਾਲੀਨ ਵਾਲੀਆ (ਮੋਬਾਈਲ ਵਿੰਗ ਚੰਡੀਗੜ੍ਹ) ਨੂੰ ਮਿਲੀ ਸੂਹ ਦੇ ਆਧਾਰ ’ਤੇ ਚੰਡੀਗੜ੍ਹ ਤੋਂ ਪੰਜਾਬ ਆਉਂਦੀਆਂ ਸੜਕਾਂ ’ਤੇ ਨਿਗਰਾਨੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ਟੈਂਕਰ (ਸੀ.ਐਚ.100 (ਟੀ) 2472) ਦਾ ਪਿੱਛਾ ਕਰਕੇ ਉਸ ਨੂੰ ਵਾਈਪੀਐਸ ਚੌਂਕ ਮੁਹਾਲੀ ਕੋਲ ਰੋਕਿਆ ਗਿਆ। ਜਿਸ ’ਚੋਂ ਗੈਰ ਕਾਨੂੰਨੀ ਢੰਗ ਨਾਲ ਸਮੱਗਲ ਕੀਤਾ ਜਾ ਰਿਹਾ ਹੈ 2500 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਲੀਨ ਵਾਲੀਆ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਟੈਂਕਰ ਪੈਟਰੋਲ ਪੰਪ (ਐਮ/ਐਸ ਚੰਡੀਗੜ੍ਹ ਪੈਟਰੋਵੇਜ਼ ਸੈਕਟਰ-52 ਬੀ) ਤੋਂ ਭਰਿਆ ਗਿਆ ਸੀ। ਇਹ ਡੀਜ਼ਲ ਐਮ.ਐਸ. ਖੇਰ ਕੰਸਟਰਕਸ਼ਨਜ਼, ਚੁੰਨੀ-ਲਾਂਡਰਾਂ ਰੋਡ ਖਰੜ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਸਪਲਾਈ ਕੀਤਾ ਜਾਣਾ ਸੀ। ਟੈਂਕਰ ਡਰਾਈਵਰ ਨੂਰ ਮੁਹੰਮਦ ਅਤੇ ਪੈਟਰੋਲ ਪੰਪ ਦੇ ਮੈਨੇਜਰ ਰਾਹੁਲ ਸੂਰਜ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਮਟੌਰ ਜ਼ਿਲ੍ਹਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡਰਾਇਵਰ ਕੋਲੋਂ 27 ਨਵੰਬਰ 2018 ਦੀ ਇੱਕ ਇਨਵੋਆਇਸ ਬਰਾਮਦ ਕੀਤੀ ਗਈ। ਇਸ ਸਬੰਧੀ ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਇਸ ਕਲਾਂਇਟ ਨੂੰ ਡੀਜ਼ਲ ਸਪਲਾਈ ਕੀਤਾ ਸੀ ਅਤੇ ਪੰਜਾਬ ਵਿਚ ਹੋਰਨਾਂ ਕਲਾਂਇਟਾਂ ਨੂੰ ਵੀ ਤੇਲ ਸਪਲਾਈ ਕਰਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਮੁਕਾਬਲੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਸਮੱਗਲਰ ਤੇਲ ਦੀ ਤਸਕਰੀ ਕਰਦੇ ਹਨ। ਜਿਸ ਕਾਰਨ ਪੰਜਾਬ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ। ਇਸ ਧੰਦੇ ਵਿੱਚ ਸ਼ਾਮਲ ਹੋਰਨਾਂ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਪੜਤਾਲ ਜਾਰੀ ਹੈ ਅਤੇ ਇਸ ਨਾਲ ਸਬੰਧਤ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …