nabaz-e-punjab.com

ਡਾਇਟਾਂ ’ਚੋਂ ਸੋਸ਼ਲ ਸਟੱਡੀਜ਼ ਤੇ ਫਿਜ਼ੀਕਲ ਐਜੂਕੇਸ਼ਨ ਲੈਕਚਰਾਰਾਂ ਦੀਆਂ ਅਸਾਮੀਆਂ ਨੂੰ ਖ਼ਤਮ ਕਰਨ ਦਾ ਮਾਮਲਾ ਭਖਿਆ

ਨਵ-ਸਿੱਖਿਆ ਚੇਤਨਾ ਮੰਚ ਨੇ ਸਰਕਾਰ ਦੇ ਨਿਰਣੇ ਦਾ ਤਿੱਖਾ ਵਿਰੋਧ, ਸੰਘਰਸ਼ ਵਿੱਢਣ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਨਵ-ਸਿੱਖਿਆ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਹਰੀਸ਼ ਕੁਮਾਰ, ਪ੍ਰਧਾਨ ਡਾ. ਮੁਕੇਸ਼ ਭੰਡਾਰੀ, ਸੀਨੀਅਰ ਮੀਤ ਪ੍ਰਧਾਨ ਡਾ. ਜਸਵੰਤ ਸਿੰਘ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਡਾਇਟਾਂ ’ਚੋਂ ਸਮਾਜਿਕ ਸਿੱਖਿਆ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਮੰਚ ਨੇ ਸਖ਼ਤ ਵਿਰੋਧ ਕੀਤਾ ਹੈ।
ਅੱਜ ਇੱਥੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਉਕਤ ਅਸਾਮੀਆਂ ਦੀ ਥਾਂ ਮਾਸਟਰ ਕਾਡਰ ਦੇ ਮੈਂਟਰ ਨਿਯੁਕਤ ਕੀਤੇ ਜਾ ਰਹੇ ਹਨ ਜੋ ਕਿ ਡਾਇਟਾਂ ਦੇ ਮੁੱਢਲੇ ਢਾਂਚੇ ਦੇ ਹੀ ਅਨੁਕੂਲ ਨਹੀਂ ਹਨ, ਕਿਉਂਕਿ ਮਾਸਟਰ ਕਾਡਰ ਕੇਵਲ ਸਕੂਲ ਪੱਧਰ ’ਤੇ ਹੀ ਬੱਚਿਆਂ ਨੂੰ ਪੜ੍ਹਾ ਸਕਦੇ ਹਨ। ਜਦੋਂਕਿ ਡਾਇਟ ਵਿੱਚ ਦਾਖ਼ਲਾ ਬਾਰ੍ਹਵੀਂ ਤੋਂ ਬਾਅਦ ਦਿੱਤਾ ਜਾਂਦਾ ਹੈ ਅਤੇ ਇਸ ਕੰਮ ਲਈ ਸਿਰਫ਼ ਲੈਕਚਰਾਰ ਹੀ ਯੋਗ ਹੁੰਦੇ ਹਨ।
ਆਗੂਆਂ ਨੇ ਕਿਹਾ ਕਿ ਜਦੋਂ ਦੋ ਸਾਲ ਪਹਿਲਾਂ ਡਾਇਟਾਂ ਵਿੱਚ ਕੇਵਲ ਛੇ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਜਾਰੀ ਰੱਖੀਆਂ ਗਈਆਂ ਸਨ ਤਾਂ ਇਨ੍ਹਾਂ ਵਿੱਚ ਉਪਰੋਕਤ ਦੋਵੇਂ ਵਿਸ਼ੇਸ਼ ਸ਼ਾਮਲ ਸਨ ਤਾਂ ਹੁਣ ਕਿਸ ਅਧਿਕਾਰੀ ਦੇ ਕਹਿਣ ’ਤੇ ਇਹ ਦੋਵੇਂ ਅਸਾਮੀਆਂ ਖ਼ਤਮ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਡਾਇਟਾਂ ਵਿੱਚ ਛੇ ਲੈਕਚਰਾਰ ਅਤੇ 9 ਮਾਸਟਰ ਕਾਡਰ/ਈਟੀਟੀ ਕਾਡਰ ਦੀਆਂ ਅਸਾਮੀਆਂ ਦੇਣ ਦੀ ਤਜਵੀਜ਼ ਹੈ, ਉਹ ਹੋਰ ਕਿਸੇ ਵੀ ਸਟੇਟ ਵਿੱਚ ਲਾਗੂ ਨਹੀਂ ਹੈ, ਕਿਉਂਕਿ ਡਾਇਟਾਂ ਵਿੱਚ ਜ਼ਿਆਦਾਤਰ ਲੈਕਚਰਾਰ ਦੀਆਂ ਅਸਾਮੀਆਂ ਹੀ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 30 ਜੂਨ 2021 ਦੇ ਵੱਖਰੇ ਡਾਇਟ ਕਾਡਰ ਬਾਰੇ ਜਾਰੀ ਨੋਟੀਫ਼ਿਕੇਸ਼ਨ ਨੂੰ ਅੱਖੋ-ਪਰੋਖੇ ਕਰਕੇ ਉਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੋ ਉਸ ਨੋਟੀਫ਼ਿਕੇਸ਼ਨ ਵਿੱਚ ਵੀ ਸ਼ਾਮਲ ਨਹੀਂ ਹਨ। ਇਸ ਤੋਂ ਵੱਧ ਦੁੱਖ ਦੀ ਗੱਲ ਹੈ ਕਿ ਪਿਛਲੇ ਸਾਲ ਤੋਂ ਡਾਇਟਾਂ ਵਿੱਚ ਦਰਜਾ ਚਾਰ ਦੀਆਂ ਅਸਾਮੀਆਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ।
ਮੰਚ ਦੇ ਆਗੂਆਂ ਨੇ ਕਿਹਾ ਕਿ ਹੁਣ ਉਹ ਐਸਸੀਈਆਰਟੀ ਵਿਚਲੇ ਕਿਸੇ ਇੱਕ ਅਧਿਕਾਰੀ ਦੀ ਮਨਮਰਜੀ ਨਹੀਂ ਚੱਲਣ ਦੇਣਗੇ, ਜਿਸ ਨਾਲ ਡਾਇਟਾਂ ਵਿਚਲੀ ਸਿੱਖਿਆ ਦਾ ਮਿਆਰ ਡਿੱਗਦਾ ਹੋਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਸਸੀਈਆਰਟੀ ਪੰਜਾਬ ਦਾ ਡਾਇਰੈਕਟਰ ਕੇਵਲ ਉਸ ਵਿਅਕਤੀ ਨੂੰ ਲਾਇਆ ਜਾਵੇ, ਜਿਸ ਨੂੰ ਬਤੌਰ ਪ੍ਰਿੰਸੀਪਲ ਡਾਇਟ ਦਸ ਸਾਲ ਕੰਮ ਕਰਨ ਦਾ ਤਜਰਬਾ ਹੋਵੇ। ਉਨ੍ਹਾਂ ਕਿਹਾ ਕਿ ਮੰਚ ਵੱਲੋਂ ਆਉਣ ਵਾਲੀ ਨਵੀਂ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਮਿਲ ਕੇ ਡਾਇਟਾਂ ਵਿਚਲੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਐਨਸੀਈਟੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਦੂਜੇ ਸੂਬਿਆਂ ਵਾਂਗ ਵੱਧ ਤੋਂ ਵੱਧ ਲੈਕਚਰਾਰ ਦੀਆਂ ਅਸਾਮੀਆਂ ਡਾਇਟਾਂ ਵਿੱਚ ਦੇਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਡਾਇਟਾਂ ’ਚੋਂ ਉਕਤ ਦੋ ਵਿਸ਼ਿਆਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਗਈਆਂ ਤਾਂ ਉਹ ਜਨ ਅੰਦੋਲਨ ਸ਼ੁਰੂ ਕਰਨਗੇ ਅਤੇ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਵੀ ਬੂਹਾ ਖੜਕਾਇਆ ਜਾਵੇਗਾ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…