Nabaz-e-punjab.com

ਮਨੁੱਖੀ ਸਿਹਤ ਨਾਲ ਖਿਲਵਾੜ: ਡੱਬਾ ਬੰਦ ਜੂਸ ਮਹਿਜ਼ ਮਿੱਠਾ ਪਾਣੀ: ਡਾ. ਦੀਪਤੀ

ਬੇਕਰੀ ਉਤਪਾਦਾਂ ਦੀ ਖਪਤ ਵਧਣਾ ਸਿਹਤ ਲਈ ਬੇਹੱਦ ਖ਼ਤਰਨਾਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਪੰਜਾਬ ਸਮੇਤ ਦੇਸ ਭਰ ਵਿੱਚ ਵੱਖ-ਵੱਖ ਬਾਜ਼ਾਰਾਂ ਵਿੱਚ ਮੌਜੂਦ ਡੱਬਾ ਬੰਦ ਜੂਸ ਮਹਿਜ਼ ਮਿੱਠਾ ਪਾਣੀ ਹੈ ਅਤੇ ਕੰਪਨੀਆਂ ਮਨੁੱਖੀ ਸਿਹਤ ਨਾਲ ਸ਼ਰੇ੍ਹਆਮ ਖਿਲਵਾੜ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਸਿਹਤ ਮਾਹਰ ਡਾ. ਸ਼ਿਆਮ ਸੁੰਦਰ ਦੀਪਤੀ ਐਮਡੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਇੱਥੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਮਨੁੱਖੀ ਸਿਹਤ ਵਿਸ਼ੇ ’ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਬੇਕਰੀ ਪ੍ਰੋਡਕਟਾਂ ਰਾਹੀਂ ਅਸੀਂ ਸੋਡੀਅਮ ਬਾਈਕਾਰਬੋਨੇਟ (ਮਿੱਠਾ ਸੋਢਾ) ਖਾ ਰਹੇ ਹਾਂ ਜੋ ਕਿ ਮਨੁੱਖੀ ਸਰੀਰ ਲਈ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 1975 ਵਿੱਚ ਬਲੱਡ ਪ੍ਰੈਸ਼ਰ ਦੀ ਬਿਮਾਰੀ ਆਮ ਤੌਰ ’ਤੇ 55 ਸਾਲ ਦੀ ਉਮਰ ਤੋਂ ਬਾਅਦ ਹੀ ਹੁੰਦੀ ਸੀ ਪ੍ਰੰਤੂ ਅੱਜ ਇਹ ਉਮਰ 25 ਸਾਲਾਂ ਤੇ ਆ ਗਈ ਹੈ ਜਿਸ ਦਾ ਸਿੱਧਾ ਅਰਥ ਹੈ ਕਿ ਜੀਵਨ ਜਾਂਚ ਤੇ ਖਾਣ ਪੀਣ ਦੀਆਂ ਗਲਤ ਆਦਤਾਂ ਸਾਡੀ ਜੀਵਨ-ਸ਼ੈਲੀ ਵਿੱਚ ਨਿੱਘਰ ਪੈਦਾ ਕਰ ਰਹੀਆਂ ਹਨ। 20 ਦੇ ਕਰੀਬ ਕਿਤਾਬਾਂ ਲਿਖਣ ਵਾਲੇ ਡਾ. ਦੀਪਤੀ ਨੇ ਕਿਹਾ ਕਿ ਜਿੰਨਾ ਖ਼ੁਰਾਕ ਨਾਲ ਖਿਲਵਾੜ ਹੋਵੇਗਾ, ਉਨ੍ਹਾਂ ਹੀ ਸਰੀਰ ਵਿੱਚ ਵਿਗਾੜ ਪੈਦਾ ਹੋਵੇਗਾ ਅਤੇ ਜਿੰਨਾ ਖ਼ੁਰਾਕ ਨੂੰ ਕੁਦਰਤੀ ਰੂਪ ਵਿੱਚ ਖਾਵਾਂਗੇ ਉਨ੍ਹਾਂ ਹੀ ਸਾਡੇ ਸਰੀਰ ਲਈ ਵਧੀਆ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਯੁਰਵੈਦ ਦੀਆਂ ਜ਼ਿਆਦਾਤਰ ਦਵਾਈਆਂ ਹੈਵੀ ਐਲੀਮੈਂਟ ਹੋਣ ਕਾਰਨ ਕਿਡਨੀ ਤੇ ਅਸਰ ਪਾਉਂਦੀਆਂ ਹਨ ਪਰ ਕਿਹਾ ਇਹ ਜਾਂਦਾ ਹੈ ਕਿ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ।
ਸ੍ਰੀ ਦੀਪਤੀ ਨੇ ਆਪਣੇ ਲੈਕਚਰ ਦੌਰਾਨ ਕਿਹਾ ਕਿ ਮਨੁੱਖ ਦੇ ਪਾਲਤੂ ਜਾਨਵਰਾਂ ਤੋਂ ਇਲਾਵਾ ਹੋਰ ਕਿਸੇ ਜਾਨਵਰ ਲਈ ਕੋਈ ਹਸਪਤਾਲ ਨਹੀਂ ਹੈ। ਉਹ ਬਿਮਾਰ ਇਸ ਲਈ ਨਹੀਂ ਹੁੰਦੇ ਕਿਉਂਕਿ ਉਹ ਕੁਦਰਤ ਤੋਂ ਦੂਰ ਨਹੀਂ ਹੁੰਦੇ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਮੈਡੀਕਲ ਪ੍ਰਬੰਧ ਬਿਮਾਰੀ ਪ੍ਰਤੀ ਤਾਂ ਓਰੀਐਂਟਿਡ ਹੈ ਪ੍ਰੰਤੂ ਸਿਹਤ ਪ੍ਰਤੀ ਨਹੀਂ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬਰਗਰਾਂ ਦੀਆਂ ਚੇਨਾਂ ਖੁੱਲ੍ਹ ਰਹੀਆਂ ਹਨ ਅਤੇ ਬਾਹਰ ਖਾਣ ਪੀਣ ਨੂੰ ਅਸੀਂ ਆਪਣਾ ਸਭਿਆਚਾਰ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਦਾਅਵੇ ਜਿੰਨੇ ਮਰਜ਼ੀ ਕਰੀ ਜਾਣ ਪਰ ਸਾਡੀ ਪਲੇਟ ਵਿੱਚ ਅਜੇ ਤੱਕ ਸਲਾਦ ਅਤੇ ਫਲ ਨਹੀਂ ਆਏ।
ਉਨ੍ਹਾਂ ਸਰੋਤਿਆਂ ਨੂੰ ਸੁਝਾਅ ਦਿੱਤਾ ਕਿ ਤੰਦਰੁਸਤ ਰਹਿਣ ਲਈ ਰਿਮੋਟ ਕੰਟਰੋਲ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਪਵੇਗਾ, ਹੱਥੀਂ ਕੰਮ ਕਰਨ ਦੀ ਆਦਤ ਪਾਉਣੀ ਪਵੇਗੀ, ਸੋਸ਼ਲ ਹੈਲਥ ਨੂੰ ਮਜ਼ਬੂਤ ਕਰਨਾ ਪਵੇਗਾ ਅਤੇ ਸਰੀਰਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਿਟਾਮਿਨਾਂ ਅਤੇ ਮਿਨਰਲਾਂ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡੇ ਲਈ ਸਭ ਤੋਂ ਪਹਿਲਾਂ ਖ਼ੁਰਾਕ ਹੈ ਅਤੇ ਦਿਲ ਦੇ ਦੌਰੇ ਤੋਂ ਬਚਣ ਲਈ ਸਮੁੱਚੀ ਜੀਵਨ-ਸ਼ੈਲੀ ਨੂੰ ਠੀਕ ਕਰਨ ਦੇ ਨਾਲ ਨਾਲ ਤੇਲ ਤੇ ਘੀ ਦੀ ਵਰਤੋਂ ਨੂੰ ਘਟਾਉਣਾ ਜ਼ਰੂਰੀ ਹੈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਮੁਹਾਲੀ ਇਕਾਈ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ, ਮਾਨਸਿਕ ਵਿਭਾਗ ਦੇ ਮੁਖੀ ਜਰਨੈਲ ਸਿੰਘ ਕ੍ਰਾਂਤੀ, ਪੰਜਾਬ ਅਗੇਂਸਟ ਭ੍ਰਿਸ਼ਟਾਚਾਰ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ, ਜੋਗਾ ਸਿੰਘ, ਜਸਵੰਤ ਸਿੰਘ, ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…