
ਨਹਿਰੀ ਪਾਣੀ ਦੀ ਸਿੱਧੀ ਸਪਲਾਈ ਲਈ ਜ਼ਮੀਨ ਪੁੱਟੀ, ਧੂੜ ਮਿੱਟੀ ਕਾਰਨ ਲੋਕ ਤੰਗ ਪ੍ਰੇਸ਼ਾਨ
ਪਾਈਪਲਾਈਨ ਦਾ ਕੰਮ ਧੀਮੀ ਗਤੀ ’ਚ ਚੱਲਣ ਕਾਰਨ ਡੇਢ ਮਹੀਨੇ ਤੋਂ ਸੈਕਟਰ ਵਾਸੀ ਅੌਖੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਇੱਥੋਂ ਦੇ ਵਾਰਡ ਨੰਬਰ-29 (ਸੈਕਟਰ-69) ਤੋਂ ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਮੁਹਾਲੀ ਪ੍ਰਸ਼ਾਸਨ ਅਤੇ ਗਮਾਡਾ ਦੀ ਕਥਿਤ ਲਾਪਰਵਾਹੀ ਅਤੇ ਨਾਲਾਇਕੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਦੀ ਸਿੱਧੀ ਸਪਲਾਈ ਲਈ ਪਾਈਪਲਾਈਨ ਵਿਛਾਉਣ ਦਾ ਜੋ ਕੰਮ ਅਸੂਲਨ ਇਕ ਹਫ਼ਤੇ ਵਿੱਚ ਹੋ ਜਾਣਾ ਚਾਹੀਦਾ ਸੀ, ਉਹ ਡੇਢ ਮਹੀਨੇ ਤੋਂ ਲਮਕ ਰਿਹਾ ਹੈ। ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਸੈਕਟਰ-69 ਵਿੱਚ ਕਨਾਲ ਦੇ ਘਰਾਂ ਵਾਲੀ ਬੈਲਟ ਸਾਹਮਣੇ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਪਾਉਣ ਲਈ ਲਗਪਗ ਡੇਢ ਮਹੀਨੇ ਪਹਿਲਾਂ ਜ਼ਮੀਨ ਪੁੱਟੀ ਗਈ ਪ੍ਰੰਤੂ ਹੁਣ ਤੱਕ ਇਹ ਕੰਮ ਨੇਪਰੇ ਨਹੀਂ ਚੜ੍ਹਿਆ ਹੈ।
ਬੀਬੀ ਧਨੋਆ ਨੇ ਕਿਹਾ ਕਿ ਸੜਕ ਦੇ ਨਾਲ-ਨਾਲ ਟਨਾਂ ਦੇ ਹਿਸਾਬ ਨਾਲ ਮਿੱਟੀ ਜ਼ਮੀਨ ਉੱਤੇ ਪਈ ਹੈ, ਤੇਜ਼ ਹਵਾ ਚੱਲਣ ਕਾਰਨ ਧੂੜ ਮਿੱਟੀ ਉੱਡ ਕੇ ਲੋਕਾਂ ਦੇ ਘਰਾਂ ਵਿੱਚ ਜਾਣ ਕਾਰਨ ਸੈਕਟਰ ਵਾਸੀ ਕਾਫ਼ੀ ਤੰਗ ਪੇ੍ਰਸ਼ਾਨ ਹਨ। ਸ਼ਾਹ ਲੈਣ ਵਿੱਚ ਦਿੱਕਤ ਅਤੇ ਚਮੜੀ ਦੇ ਰੋਗੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਅਤੇ ਠੇਕੇਦਾਰ ਦੀ ਅਣਦੇਖੀ ਕਾਰਨ ਮਕਾਨ ਨੰਬਰ-1501 ਤੋਂ 1520 ਅਤੇ ਮਕਾਨ ਨੰਬਰ-14 ਤੋਂ 5 ਤੱਕ ਬੈਲਟ ਦੇ ਵਸਨੀਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਮਾਡਾ ਦੇ ਅਧਿਕਾਰੀਆਂ ਅਤੇ ਸਬੰਧਤ ਠੇਕੇਦਾਰ ਨੂੰ ਅਪੀਲ ਕਰਨ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਨਵੀਂ ਪਾਈਪਲਾਈਨ ਲਈ ਪੁੱਟੀ ਜ਼ਮੀਨ ਦੇ ਖੱਡਿਆਂ ਨੂੰ ਭਰ ਕੇ ਉੱਥੇ ਪੇਵਰ ਬਲਾਕ ਲਗਾਏ ਜਾਣ। ਮਹਿਲਾ ਕੌਂਸਲਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆ ਤੁਰੰਤ ਨੋਟਿਸ ਲੈ ਕੇ ਖੱਡੇ ਨਹੀਂ ਭਰੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਸੈਕਟਰ ਵਾਸੀਆਂ ਦੇ ਸਹਿਯੋਗ ਨਾਲ ਸੈਕਟਰ-69 ਅਤੇ ਸੈਕਟਰ-70 ਨੂੰ ਵੰਡਦੀ ਮੁੱਖ ਸੜਕ ਉੱਤੇ ਚੱਕਾ ਜਾਮ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।