nabaz-e-punjab.com

ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 5 ਪਿੰਡਾਂ ਦਾ ਡਿਜੀਟਲ ਸਰਵੇ ਕਰਵਾਇਆ ਜਾਵੇਗਾ: ਅਨੁਰਾਗ ਵਰਮਾ

ਯੋਜਨਾਬੱਧ ਢੰਗ ਨਾਲ ਬਣਨਗੀਆਂ ਗਲੀਆਂ-ਨਾਲੀਆਂ, ਦੋ ਮਹੀਨੇ ਵਿੱਚ ਸਰਵੇ ਲਈ ਏਡੀਸੀਜ਼ ਨੂੰ ਪੱਤਰ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਦੇ ਵਿੱਤੀ ਕਮਿਸ਼ਨਰ ਅਨੁਰਾਗ ਵਰਮਾ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਸਮੁੱਚੇ ਵਿਕਾਸ ਦੇ ਮੱਦੇਨਜ਼ਰ ਪਿੰਡਾਂ ਦੇ ਡਿਜੀਟਲ ਸਰਵੇਖਣ ਨਕਸ਼ੇ ਤਿਆਰ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੰਤਵ ਲਈ ਪਹਿਲੇ ਪੜਾਅ ਵਿੱਚ ਨਮੂਨੇ ਦੇ ਤੌਰ ’ਤੇ ਹਰ ਜ਼ਿਲ੍ਹੇ ਵਿੱਚ ਪੰਜ ਪਿੰਡ ਲੈ ਕੇ ਉਨ੍ਹਾਂ ਦਾ ਡਿਜੀਟਲ ਸਰਵੇ ਕਰਵਾਇਆ ਜਾਵੇਗਾ। ਪੰਜਾਬ ਵਿੱਚ ਪਹਿਲੀ ਵਾਰ ਪਿੰਡਾਂ ਦੇ ਵਿਕਾਸ ਲਈ ਡਿਜੀਟਲ ਨਕਸ਼ੇ ਤਿਆਰ ਕਰਵਾਉਣ ਦਾ ਇਹ ਠੋਸ ਉਪਰਾਲਾ ਹੈ, ਜਿਹੜਾ ਕਿ ਪਿੰਡਾਂ ਦੀਆਂ ਜ਼ਮੀਨੀ ਹਕੀਕਤਾਂ ’ਤੇ ਆਧਾਰਿਤ ਹੋਵੇਗਾ। ਪਿੰਡਾਂ ਦੇ ਯੋਜਨਾਬੱਧ ਵਿਕਾਸ ਲਈ ਇਹ ਪ੍ਰਾਜੈਕਟ ਇੱਕ ਮੀਲ-ਪੱਥਰ ਸਾਬਤ ਹੋਵੇਗਾ।
ਜ਼ਿਕਰਯੋਗ ਹੈ ਕਿ ਪਿੰਡਾਂ ਦੇ ਵਿਕਾਸ ਲਈ ਰਾਜ ਸਰਕਾਰ ਵੱਲੋਂ ਸਮੇਂ-ਸਮੇਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਵੱਲੋਂ ਆਪਣੇ ਸਰੋਤਾਂ ਰਾਹੀਂ ਵੀ ਵਿਕਾਸ ਦੇ ਕੰਮ ਕਰਵਾਏ ਜਾਂਦੇ ਹਨ। ਪਿੰਡਾਂ ਦੇ ਮੁੱਖ ਵਿਕਾਸ ਕਾਰਜਾਂ ਵਿੱਚ ਜ਼ਿਆਦਾਤਰ ਗਲੀਆਂ-ਨਾਲੀਆਂ ਪੱਕੀਆਂ ਕਰਨ ਦੇ ਕੰਮ ਹੁੰਦੇ ਹਨ। ਇਹ ਵੇਖਿਆ ਗਿਆ ਹੈ, ਕਿ ਗਲੀਆਂ-ਨਾਲੀਆਂ ਬਣਾਉਣ ਵੇਲੇ ਪਿੰਡਾਂ ਦਾ ਸਮੁੱਚੇ ਰੂਪ ਵਿੱਚ ਧਿਆਨ ਨਹੀਂ ਰੱਖਿਆ ਜਾਂਦਾ। ਇਸ ਦੇ ਸਿੱਟੇ ਵਜੋਂ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜੇ ਆਮ ਗੱਲ ਹੋ ਗਈ ਹੈ। ਵਿੱਤੀ ਕਮਿਸ਼ਨਰ ਸ੍ਰੀ ਵਰਮਾ ਵੱਲੋਂ ਰਾਜ ਦੇ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ (ਵਿਕਾਸ) ਨੂੰ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ, ਕਿ ਉਹ ਆਪਣੇ ਜ਼ਿਲ੍ਹੇ ਦੇ ਅਜਿਹੇ ਪੰਜ ਪਿੰਡਾਂ ਦੀ ਚੋਣ ਕਰਨ, ਜਿਨ੍ਹਾਂ ਦੀਆਂ ਪੰਚਾਇਤਾਂ ਕੋਲ ਆਪਣੀ ਆਮਦਨ ਦੇ ਸਰੋਤ ਹੋਣ ਅਤੇ ਪੰਚਾਇਤ ਇਸ ਪ੍ਰਾਜੈਕਟ ਦੇ ਮੱਦੇਨਜ਼ਰ ਯੋਜਨਾਬੱਧ ਤਕਨੀਕ ਨਾਲ ਗਲੀਆਂ-ਨਾਲੀਆਂ ਬਣਾਉਣ ਦੀ ਰੁਚੀ ਰਖਦੀ ਹੋਵੇ।
ਇਸ ਪ੍ਰਾਜੈਕਟ ਨੂੰ ਸਮਾਂਬੱਧ ਕਰਨ ਲਈ ਚੁਣੇ ਗਏ ਪੰਜ ਪਿੰਡਾਂ ਵਿੱਚ ਦੋ ਮਹੀਨੇ ਦੇ ਅੰਦਰ ਡਿਜੀਟਲ ਸਰਵੇ ਕਰਵਾਉਣ ਲਈ ਕਿਹਾ ਗਿਆ ਹੈ। ਸਰਵੇ ਕਰਵਾਉਣ ਲਈ ਸਬੰਧਤ ਜ਼ਿਲ੍ਹੇ ਜਾਂ ਨੇੜਲੇ ਜ਼ਿਲ੍ਹਿਆਂ ਦੇ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਕਾਲਜਾਂ ਤੋਂ ਕੰਮ ਕਰਵਾਇਆ ਜਾ ਸਕਦਾ ਹੈ। ਪੱਤਰ ਵਿੱਚ ਕਿਹਾ ਗਿਆ ਹੈ, ਕਿ ਡਿਜੀਟਲ ਨਕਸ਼ਿਆਂ ਵਿੱਚ ਪਿੰਡਾਂ ਦੀਆਂ ਗਲੀਆਂ-ਨਾਲੀਆਂ ਦਾ ਵਿਸਥਾਰ (ਕੱਚੀਆਂ, ਪੱਕੀਆਂ ਇੱਟਾਂ ਨਾਲ, ਕੰਕਰੀਟ ਨਾਲ ਅਤੇ ਪੇਵਰ ਆਦਿ ਸਬੰਧੀ) ਸੂਚਨਾ ਦਰਜ ਕੀਤੀ ਜਾਵੇ। ਇਸੇ ਤਰ੍ਹਾਂ ਗਲੀਆਂ-ਨਾਲੀਆਂ ਦੇ ਜ਼ਮੀਨੀ ਪੱਧਰ ਦੀ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਜਾਣਕਾਰੀ ਦੀ ਸੰਭਾਲ ਨੂੰ ਹਮੇਸ਼ਾ ਲਈ ਯਕੀਨੀ ਬਣਾਉਣ ਵਾਸਤੇ ਡਿਜੀਟਲ ਨਕਸ਼ੇ ਦੇ ਨਾਲ-ਨਾਲ ਗੂਗਲ ਮੈਪ ਅਤੇ ਭੁਵਨ ਸਾਫ਼ਟਵੇਅਰ ਵਿੱਚ ਵੀ ਦਰਜ ਕੀਤਾ ਜਾਵੇਗਾ।
ਸ੍ਰੀ ਵਰਮਾ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇਗਾ, ਕਿ ਡਿਜੀਟਲ ਸਰਵੇਖਣ ਨਕਸ਼ੇ ਦੇ ਆਧਾਰ ’ਤੇ ਪਿੰਡ ਵਿੱਚ ਭਵਿੱਖ ਵਿੱਚ ਹੋਣ ਵਾਲੇ ਗਲੀਆਂ-ਨਾਲੀਆਂ ਦੇ ਕੰਮਾਂ ਲਈ ਲੈਵਲ ਇਸ ਤਰ੍ਹਾਂ ਨਿਰਧਾਰਤ ਕੀਤਾ ਜਾਵੇਗਾ, ਤਾਂ ਜੋ ਪਿੰਡ ਵਿੱਚ ਬਾਰਸ਼ ਦਾ ਪਾਣੀ ਅਤੇ ਗਲੀਆਂ-ਨਾਲੀਆਂ ਦਾ ਪਾਣੀ ਕੁਦਰਤੀ ਵਹਾਅ ਨਾਲ ਛੱਪੜ ਵਿੱਚ ਚਲਾ ਜਾਵੇ। ਇੰਝ ਜਿੱਥੇ ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ ਵਾਰ-ਵਾਰ ਫ਼ੰਡਾਂ ਦੀ ਵਰਤੋਂ ਦੀ ਲੋੜ ਖ਼ਤਮ ਹੋ ਜਾਵੇਗੀ, ਉੱਥੇ ਪਿੰਡ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੀ ਮਦਦ ਮਿਲੇਗੀ ਅਤੇ ਪਿੰਡਾਂ ਦੇ ਲੋਕਾਂ ਨੂੰ ਗੰਦਗੀ ਫੈਲਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…