ਨਸ਼ੇੜੀਆਂ ਦਾ ਅੱਡਾ ਬਣੀ ਪੁਰਾਣੇ ਅੰਤਰਰਾਜੀ ਬੱਸ ਅੱਡੇ ਦੀ ਖੰਡਰ ਇਮਾਰਤ, ਪ੍ਰਸ਼ਾਸਨ ਬੇਖ਼ਬਰ

ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੂੰ ਚਿੱਠੀ ਲਿਖ ਕੇ ਪੁਰਾਣਾ ਬੱਸ ਅੱਡਾ ਮੁੜ ਚਾਲੂ ਕਰਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਆਈਟੀ ਸਿਟੀ ਮੁਹਾਲੀ ਵਿੱਚ ਬੱਸ ਅੱਡਾ ਚਾਲੂ ਹਾਲਤ ਵਿੱਚ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਦਫ਼ਤਰੀ ਮੁਲਾਜ਼ਮਾਂ ਅਤੇ ਹੋਰਨਾਂ ਮੁਸਾਫ਼ਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਸਮੇਂ ਇੱਥੋਂ ਦੇ ਫੇਜ਼-8 ਵਿੱਚ ਅੰਤਰਰਾਜੀ ਬੱਸ ਅੱਡਾ ਬਣਾਇਆ ਗਿਆ ਸੀ ਪ੍ਰੰਤੂ ਪਿਛਲੀ ਅਕਾਲੀ ਸਰਕਾਰ ਨੇ ਪੁਰਾਣਾ ਬੱਸ ਅੱਡਾ ਬੰਦ ਕਰਕੇ ਵੇਰਕਾ ਮਿਲਕ ਪਲਾਂਟ ਨੇੜੇ ਨਵਾਂ ਏਸੀ ਬੱਸ ਅੱਡਾ ਬਣਾਇਆ ਅਤੇ ਕੈਪਟਨ ਸਰਕਾਰ ਨੇ ਨਵਾਂ ਅੱਡਾ ਚਾਲੂ ਕਰਨ ਦੇ ਹੁਕਮ ਚਾੜੇ ਗਏ। ਇੰਜ ਸਰਕਾਰੀ ਹੁਕਮਾਂ ਨਾਲ ਪੁਰਾਣਾ ਬੱਸ ਅੱਡਾ ਤਾਂ ਬੰਦ ਕਰ ਦਿੱਤਾ ਪਰ ਨਵਾਂ ਚੱਲ ਨਹੀਂ ਸਕਿਆ।
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਬੰਦ ਕੀਤੇ ਪੁਰਾਣੇ ਬੱਸ ਅੱਡੇ ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੁਹਾਲੀ ਵਿੱਚ ਕਈ ਮੌਜੂਦਾ ਮੰਤਰੀ, ਸਾਬਕਾ ਮੰਤਰੀ ਅਤੇ ਉੱਚ ਅਧਿਕਾਰੀ ਰਹਿੰਦੇ ਹਨ ਪਰ ਸ਼ਹਿਰ ਵਿੱਚ ਬੱਸ ਅੱਡੇ ਦੀ ਅਣਹੋਂਦ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਿਸ ਕਾਰਨ ਸਰਕਾਰੀ ਅਤੇ ਨਿੱਜੀ ਬੱਸਾਂ ਦੇ ਚਾਲਕ ਪੁਰਾਣੇ ਬੱਸ ਅੱਡਾ ਦੇ ਬਾਹਰ ਸੜਕ ਕਿਨਾਰੇ ਅਤੇ ਰੁੱਖਾਂ ਹੇਠ ਬੱਸਾਂ ਖੜੀਆਂ ਕਰਕੇ ਸਵਾਰੀਆਂ ਚੁੱਕਦੇ ਅਤੇ ਲਾਹੁੰਦੇ ਹਨ। ਤੇਜ਼ ਧੁੱਪ ਅਤੇ ਬਰਸਾਤ ਦੇ ਦਿਨਾਂ ਵਿੱਚ ਮੁਸਾਫ਼ਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਉਹ ਇਸ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਇਸ ਮਸਲੇ ਦਾ ਪੱਕਾ ਹੱਲ ਕਰਨ ਦੀ ਮੰਗ ਕਰਨਗੇ।
ਜਗਦੀਪ ਸਿੰਘ ਮੁਹਾਲੀ ਨੇ ਕਿਹਾ ਕਿ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ, ਸਿੱਖਿਆ ਵਿਭਾਗ, ਮੈਡੀਕਲ ਸਿੱਖਿਆ, ਪੁੱਡਾ\ਗਮਾਡਾ, ਪੇਂਡੂ ਵਿਕਾਸ ਤੇ ਪੰਚਾਇਤ, ਜੰਗਲਾਤ ਵਿਭਾਗ, ਐਸਐਸਐਸ ਬੋਰਡ, ਪੰਜਾਬ ਵਿਜੀਲੈਂਸ ਬਿਊਰੋ ਸਮੇਤ ਹੋਰ ਕਈ ਪ੍ਰਮੁੱਖ ਦਫ਼ਤਰ ਹਨ। ਜਿਨ੍ਹਾਂ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਡਿਊਟੀ ’ਤੇ ਆਉਂਦੇ ਹਨ। ਇਸ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ, ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ, ਪੀਸੀਏ ਸਟੇਡੀਅਮ, ਫੋਰਟਿਸ ਹਸਪਤਾਲ, ਕਾਸਮੋ ਹਸਪਤਾਲ ਅਤੇ ਹੋਰ ਅਦਾਰੇ ਵੀ ਹਨ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕੋਈ ਨਵਾਂ ਬੱਸ ਅੱਡਾ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਬੰਦ ਕੀਤੇ ਪੁਰਾਣੇ ਬੱਸ ਅੱਡੇ ਨੂੰ ਲੋਕਲ ਅੱਡੇ ਵਜੋਂ ਚਾਲੂ ਕੀਤਾ ਜਾਵੇ।
ਨਗਰ ਨਿਗਮ ਚੋਣਾਂ ਵੇਲੇ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਪੁਰਾਣਾ ਬੱਸ ਅੱਡਾ ਚਾਲੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਮਾਮਲੇ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ। ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਨੂੰ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਲਈ ਇਕ ਵਾਰ ਪੁਰਾਣੇ ਬੱਸ ਅੱਡਾ ਦਾ ਜਾਇਜ਼ਾ ਲੈਣ ਦੀ ਗੁਹਾਰ ਲਗਾਈ ਹੈ। ਉਂਜ ਚੰਨੀ ਸਰਕਾਰ ਸਮੇਂ ਸਿੱਧੂ ਦੀ ਬਦੌਲਤ ਨਵਾਂ ਬੱਸ ਅੱਡਾ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਸਤਾ ਪਰਿਵਰਤਨ ਤੋਂ ਬਾਅਦ ਇਹ ਪ੍ਰਾਜੈਕਟ ਵੀ ਠੰਢੇ ਬਸਤੇ ਵਿੱਚ ਪੈ ਗਿਆ।
ਸਤਵੀਰ ਧਨੋਆ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਪੁਰਾਣਾ ਬੱਸ ਅੱਡੇ ਦੀ ਇਮਾਰਤ ਖੰਡਰ ਅਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਈ ਹੈ। ਜਦੋਂਕਿ ਗਮਾਡਾ ਨੇ ਇਸ ਜ਼ਮੀਨ ਨੂੰ ਲੋਕਹਿੱਤ ਵਿੱਚ ਕਿਸੇ ਹੋਰ ਮੰਤਵ ਲਈ ਵੀ ਅਜੇ ਤਾਈਂ ਵਰਤੋਂ ਵਿੱਚ ਨਹੀਂ ਲਿਆਂਦਾ। ਹਾਲਤ ਇਹ ਹਨ ਕਿ ਹੁਣ ਸੜਕ ਕਿਨਾਰੇ ਦਰੱਖਤਾਂ ਹੇਠ ਅਰਜ਼ੀ ਬੱਸ ਅੱਡਾ ਚਲ ਰਿਹਾ ਹੈ। ਸਵਾਰੀਆਂ ਦੇ ਬੈਠਣ ਲਈ ਕੋਈ ਥਾਂ ਨਾ ਹੋਣ ਚਾਲਕ ਸੜਕ ਕਿਨਾਰੇ ਬੱਸਾਂ ਖੜੀਆਂ ਕਰਕੇ ਸਵਾਰੀਆਂ ਚੜ੍ਹਾਉਂਦੇ ਅਤੇ ਉਤਾਰਦੇ ਹਨ। ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਲੋਕਲ ਬੱਸ ਅੱਡੇ ਹਨ ਅਤੇ ਕਈ ਸ਼ਹਿਰਾਂ ਵਿੱਚ ਤਾਂ ਦੋ-ਦੋ ਬੱਸ ਅੱਡੇ ਵੀ ਹਨ ਪ੍ਰੰਤੂ ਵੀਆਈਪੀ ਸ਼ਹਿਰ ਮੁਹਾਲੀ ਵਿੱਚ ਜਨਰਲ ਅਤੇ ਲੋਕਲ ਬੱਸ ਅੱਡਾ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

Load More Related Articles

Check Also

VB nabs General Manager PUNSUP red handed accepting Rs 1 lakh bribe

VB nabs General Manager PUNSUP red handed accepting Rs 1 lakh bribe Official car also take…