ਮੁਹਾਲੀ ਵਿੱਚ ਜ਼ਿਆਦਾਤਰ ਪਾਰਕਾਂ ਦੀ ਖਸਤਾ ਹਾਲਤ, ਲੋਕ ਪੇ੍ਰਸ਼ਾਨ

ਮਿਉਂਸਪਲ ਕਾਰਪੋਰੇਸ਼ਨ ਅਜੇ ਤਾਈਂ ਨਹੀਂ ਬਣਾ ਸਕਿਆ ਆਪਣਾ ਬਾਗਬਾਨੀ ਵਿਭਾਗ

ਅਦਾਲਤ ਵੱਲੋਂ ਗਮਾਡਾ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ 17 ਮਾਰਚ ਲਈ ਨੋਟਿਸ ਜਾਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜ਼ਿਆਦਾਤਰ ਪਾਰਕਾਂ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ। ਪਾਰਕਾਂ ਵਿੱਚ ਸਫ਼ਾਈ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ। ਕਈ ਪਾਰਕਾਂ ਵਿੱਚ ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਤੱਕ ਨਹੀਂ ਹਨ। ਕਈ ਰਿਹਾਇਸ਼ੀ ਪਾਰਕਾਂ ਵਿੱਚ ਸੈਰ ਕਰਨ ਲਈ ਪੱਕੇ ਟਰੈਕ ਨਹੀਂ ਬਣਾਏ ਗਏ ਹਨ। ਜਦੋਂ ਕਿ ਕਈ ਪਾਰਕ ਪਸ਼ੂ ਚਰਾਂਦ ਬਣੇ ਹੋਏ ਹਨ ਅਤੇ ਕਈ ਹਿੱਸਿਆਂ ਵਿੱਚ ਪਾਰਕਾਂ ਨੂੰ ਵਾਹਨ ਪਾਰਕਿੰਗ ਵਜੋਂ ਵਰਤਿਆਂ ਜਾ ਰਿਹਾ ਹੈ। ਪਹਿਲਾਂ ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਇਹ ਕਹਿ ਕੇ ਆਪਣਾ ਪੱਲਾ ਝਾੜ ਲੈਂਦੇ ਸੀ ਕਿ ਸ਼ਹਿਰ ਦੇ ਪਾਰਕ ਗਮਾਡਾ ਦੇ ਅਧੀਨ ਹਨ। ਹਾਲਾਂਕਿ ਪਿਛੇ ਜਿਹੇ ਗਮਾਡਾ ਨੇ ਪਾਰਕਾਂ ਸਮੇਤ ਕਾਫੀ ਏਰੀਆ ਨਿਗਮ ਦੇ ਹਵਾਲੇ ਕਰ ਦਿੱਤਾ ਸੀ ਲੇਕਿਨ ਇਸ ਦੇ ਬਾਵਜੂਦ ਪਾਰਕਾਂ ਨੂੰ ਸੈਰਗਾਹ ਨਹੀਂ ਬਣਾਇਆ ਜਾ ਸਕਿਆ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਜ ਨਿਗਮ ਦੇ ਆਪਣੇ 36 ਪਾਰਕਾਂ ਦੀ ਹਾਲਤ ਕਾਫੀ ਬਿਹਤਰ ਦੱਸੀ ਗਈ ਹੈ।
ਉਧਰ, ਪਿਛਲੇ ਸਾਲ ਮੇਅਰ ਕੁਲਵੰਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗਮਾਡਾ ਅਧੀਨ ਸਾਰਾ ਏਰੀਆ ਨਗਰ ਨਿਗਮ ਦੇ ਹਵਾਲੇ ਕਰਨ ਅਤੇ ਵਿਕਾਸ ਲਈ ਮੋਟੇ ਫੰਡ ਜਾਰੀ ਕਰਨ ਦੀ ਸ਼ਰਤ ਰੱਖੀ ਸੀ। ਮੇਅਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਸਾਰੀਆਂ ਰਸਮਾਂ ਲਗਭਗ ਪੂਰੀਆਂ ਕੀਤੀਆਂ ਗਈਆਂ ਸਨ ਅਤੇ ਗਮਾਡਾ ਨੇ ਇਸ ਸਮੁੱਚੀ ਕਾਰਵਾਈ ਨੂੰ ਲਿਖਤੀ ਰੂਪ ਵਿੱਚ ਨੇਪਰੇ ਚਾੜ੍ਹਿਆ ਗਿਆ ਸੀ। ਲੇਕਿਨ ਜ਼ਮੀਨੀ ਪੱਧਰ ’ਤੇ ਪਾਰਕਾਂ ਦੇ ਰੱਖ ਰਖਾਓ ਅਤੇ ਹੋਰ ਕੰਮਾਂ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕੌਂਸਲਰ ਸਾਹਿਬਾਨ ਵੀ ਆਪਸੀ ਖਿੱਚੋਤਾਣ ਕਾਰਨ ਸਿਆਸੀ ਮੁੱਦਿਆਂ ’ਤੇ ਹੀ ਜ਼ਿਆਦਾ ਉਲਝਦੇ ਨਜ਼ਰ ਆਏ ਹਨ। ਇਹ ਵੀ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਗਮਾਡਾ ਨੇ ਨਿਗਮ ਨੂੰ ਪਾਰਕਾਂ ਦਾ ਕੰਮ ਸੰਭਾਲਣ ਲਈ ਕਿਹਾ ਗਿਆ ਸੀ ਲੇਕਿਨ ਨਿਗਮ ਨੇ 31 ਮਾਰਚ ਤੱਕ ਗੱਲ ਅੱਗੇ ਟਾਲ ਦਿੱਤੀ ਹੈ। ਦੱਸਿਆ ਗਿਆ ਹੈ ਕਿ ਅਜੇ ਤਾਈਂ ਨਗਰ ਨਿਗਮ ਆਪਣਾ ਬਾਗਬਾਨੀ ਵਿਭਾਗ ਨਹੀਂ ਬਣਾ ਸਕਿਆ ਹੈ।
ਇਸ ਸਬੰਧੀ ਰਜਿੰਦਰ ਸਿੰਘ ਭੁੱਲਰ, ਸੁਖਦੀਪ ਸਿੰਘ, ਵਕੀਲ ਪਰਮਿੰਦਰ ਸਿੰਘ ਗਿੱਲ, ਰਵਨੀਤ ਕੌਰ, ਗੁਰਮੀਤ ਕੌਰ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ ਸ਼ਹਿਰ ਦੇ ਜ਼ਿਆਦਾਤਰ ਪਾਰਕਾਂ ਦੀ ਹਾਲਤ ਕਾਫੀ ਮਾੜੀ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੜਕਾਂ ’ਤੇ ਸਟਰੀਟ ਲਾਈਟਾਂ ਅਤੇ ਰਿਹਾਇਸ਼ੀ ਪਾਰਕਾਂ ਦੀਆਂ ਲਾਈਟਾਂ ਬੰਦ ਹੋਣ ਕਾਰਨ ਸ਼ਾਮ ਢਲਦੇ ਹੀ ਹਨੇਰਾ ਛਾ ਜਾਂਦਾ ਹੈ। ਜਿਸ ਕਾਰਨ ਅੌਰਤਾਂ ਪਾਰਕਾਂ ਵਿੱਚ ਸੈਰ ਕਰਨ ਲਈ ਜਾਣ ਤੋਂ ਕਤਰਾਉਣ ਲੱਗ ਪਈਆਂ ਹਨ ਕਿਉਂਕਿ ਸ਼ਹਿਰ ਵਿੱਚ ਰਾਹ ਜਾਂਦੀਆਂ ਅੌਰਤਾਂ ਨਾਲ ਸਨੈਚਿੰਗ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਚੰਨਪ੍ਰੀਤ ਸਿੰਘ ਭੁੱਲਰ, ਬਲਬੀਰ ਸਿੰਘ ਖਾਲਸਾ ਅਤੇ ਗੁਰਮੇਲ ਸਿੰਘ ਮੋਜੋਵਾਲ ਦਾ ਕਹਿਣਾ ਹੈ ਕਿ ਪਾਰਕ ਗਮਾਡਾ ਕੋਲ ਹੀ ਰਹਿਣੇ ਚਾਹੀਦੇ ਹਨ ਜਾਂ ਫਿਰ ਨਗਰ ਨਿਗਮ ਪਾਰਕਾਂ ਦਾ ਸਹੀ ਤਰੀਕੇ ਨਾਲ ਰੱਖ ਰਖਾਓ ਯਕੀਨੀ ਬਣਾਏ।
ਭਾਜਪਾ ਦੇ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਸਨਅਤੀ ਏਰੀਆ ਫੇਜ਼-5 ਦੇ ਪਾਰਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਪਾਰਕ ਵਿੱਚ ਸਫ਼ਾਈ ਨਾ ਹੋਣ ਕਾਰਨ ਪੱਤਿਆਂ ਦੇ ਢੇਰ ਲੱਗੇ ਹੋਏ ਹਨ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਬਾਊਂਡਰੀ ਵਾਲ/ਕੰਧ ਸਮੇਤ ਲਾਈਟਾਂ ਅਤੇ ਬੱਚਿਆਂ ਦੇ ਝੂਲੇ ਤੇ ਟਾਈਲਾਂ ਟੁੱਟੀਆਂ ਹੋਈਆਂ ਹਨ। ਫੁਆਰੇ ਵੀ ਬੰਦ ਪਏ ਹਨ। ਉਨ੍ਹਾਂ ਦੱਸਿਆ ਕਿ ਪਾਰਕਾਂ ਦੇ ਰੱਖ ਰਖਾਓ ਸਬੰਧੀ ਕਈ ਵਾਰ ਮੀਟਿੰਗਾਂ ਵਿੱਚ ਆਵਾਜ਼ ਬੁਲੰਦ ਕੀਤੀ ਜਾ ਚੁੱਕੀ ਹੈ ਲੇਕਿਨ ਹੁਣ ਤੱਕ ਪਾਰਕਾਂ ਦੇ ਰੱਖ ਰਖਾਓ ਲਈ ਧਿਆਨ ਨਹੀਂ ਦਿੱਤਾ ਗਿਆ ਹੈ।
ਉਧਰ, ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਮ ਦੇ ਆਪਣੇ 36 ਪਾਰਕਾਂ ਦੀ ਹਾਲਤ ਕਾਫੀ ਠੀਕ ਹੈ। ਉਨ੍ਹਾਂ ਕਿਹਾ ਕਿ ਨਿਗਮ ਜਲਦੀ ਹੀ ਬਾਗਬਾਨੀ ਵਿਭਾਗ ਬਣਾਉਣ ਜਾ ਰਿਹਾ ਹੈ ਅਤੇ ਗਮਾਡਾ ਤੋਂ ਮਿਲੇ ਪਾਰਕਾਂ ਦੇ ਰੱਖ ਰਖਾਓ ਦਾ ਜ਼ਿੰਮਾ ਫਿਲਹਾਲ ਕਿਸੇ ਪ੍ਰਾਈਵੇਟ ਕੰਪਨੀ ਨੂੰ ਸੌਂਪਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਲਦੀ ਹੀ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪਾਰਕ ਗਮਾਡਾ ਤੋਂ ਆਪਣੇ ਅਧੀਨ ਲੈ ਕੇ ਉਨ੍ਹਾਂ ਨੂੰ ਵਧੀਆਂ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ।
ਉਧਰ, ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਤੋਂ ਦੁਖੀ ਹੋ ਕੇ ਸੈਕਟਰ-70 ਦੇ ਵਸਨੀਕ ਕੰਵਲਨੈਨ ਸਿੰਘ ਸੋਢੀ, ਪ੍ਰਧਾਨ ਆਰਡਬਲਿਊ ਐਫ ਸੈਕਟਰ-70 ਵਲੋਂ ਸਥਾਨਕ ਲੋਕ ਅਦਾਲਤ ਵਿੱਚ ਪਾਈ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਵਲੋਂ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ 17 ਮਾਰਚ ਲਈ ਨੋਟਿਸ ਜਾਰੀ ਕੀਤਾ ਹੈ। ਸ੍ਰੀ ਸੋਢੀ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਵਿੱਚ ਸੁਧਾਰ ਲਈ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸੈਕਟਰ 70 ਦੇ ਸਪੈਸ਼ਲ ਪਾਰਕ ਵਿੱਚ ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਲੱਕੜ ਦੇ ਮੁੱਢ ਅਤੇ ਮਲਬੇ ਦੇ ਢੇਰ ਪਏ ਹਨ ਜਿਥੇ ਨਿਉਲੇ ਅਤੇ ਸੱਪ ਰਹਿੰਦੇ ਹਨ। ਉਹਨਾਂ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਵਿੱਚ ਲੋੜੀਂਦਾ ਤਾਲਮੇਲ ਨਾ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…