
ਆਜ਼ਾਦ ਗਰੁੱਪ ਦੀ ਉਮੀਦਵਾਰ ਦਿਲਪ੍ਰੀਤ ਕੌਰ ਵਾਲੀਆ ਨੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਇੱਥੋਂ ਦੇ ਵਾਰਡ ਨੰਬਰ-23 ਤੋਂ ਆਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੀ ਸਾਂਝੀ ਉਮੀਦਵਾਰ ਦਿਲਪ੍ਰੀਤ ਕੌਰ ਵਾਲੀਆ ਨੇ ਆਪਣੀ ਜਨ ਸੰਪਰਕ ਮੁਹਿੰਮ ਨੂੰ ਹੋਰ ਵਧੇਰੇ ਤੇਜ਼ ਕਰਦਿਆਂ ਅੱਜ ਬੜੀ ਸਰਗਰਮੀ ਨਾਲ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਦੇ ਪਤੀ ਅਤੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ ਵੀ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ‘ਟਰੈਕਟਰ ਚਲਾਉਂਦਾ ਕਿਸਾਨ’ ਚੋਣ ਨਿਸ਼ਾਨ ਪ੍ਰਾਪਤ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਨੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਹਰ ਘਰ ਘਰ ਜਾ ਕੇ ਆਪਣੇ ਵਾਰਡ ਦੇ ਵਸਨੀਕਾਂ ਨੂੰ ਅਪੀਲ ਕਰ ਰਹੇ ਹਨ ਕਿ ‘ਟਰੈਕਟਰ ਚਲਾਉਂਦੇ ਕਿਸਾਨ’ ਵਾਲਾ ਬਟਨ ਦਬਾ ਕੇ ਉਨ੍ਹਾਂ ਨੂੰ ਬਹੁਮਤ ਨਾਲ ਜਿਤਾ ਕੇ ਹਾਊਸ ਵਿੱਚ ਭੇਜਣ ਤਾਂ ਜੋ ਉਹ ਆਪਣੇ ਪਤੀ ਦੀ ਲੀਹ ’ਤੇ ਚੱਲਦੇ ਹੋਏ ਇਲਾਕੇ ਦਾ ਸਰਬਪੱਖੀ ਵਿਕਾਸ ਕਰ ਸਕੇ।
ਅੱਜ ਦੀ ਜਨ ਸੰਪਰਕ ਮੁਹਿੰਮ ਵਿੱਚ ਉਨ੍ਹਾਂ ਨੇ ਵਾਰਡ ਵਿੱਚ ਜ਼ਰੂਰੀ ਤਬਦੀਲੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਦਿਲਪ੍ਰੀਤ ਵਾਲੀਆ ਨੇ ਕਿਹਾ ਕਿ ਉਹ ਹਰ ਘਰ ਵਿੱਚ ਜਾ ਕੇ ਆਪਣੇ ਵਾਰਡ ਦੇ ਨਿਵਾਸੀਆਂ ਨਾਲ ਜੁੜਨਾ ਰਹੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਵਾਰਡ ਵਾਸੀਆਂ ਨੇ ਪਾਰਕਿੰਗ ਖੇਤਰ ਵਧਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਲੋਕਾਂ ਦੀ ਇਸ ਮੰਗ ਅਨੁਸਾਰ ਕਾਰਜ ਕਰਵਾਉਣਗੇ।