ਸੀਐਮ ਦੀ ਯੋਗਸ਼ਾਲਾ ਤਹਿਤ ਯੋਗਾ ਟਰੇਨਰਾਂ ਲਈ ਡਿਪਲੋਮਾ ਕੋਰਸ ਦੀ ਸ਼ੁਰੂਆਤ

ਸ੍ਰੀ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਪੰਜਾਬ ਵੱਲੋਂ ਸਿੱਖਿਆਰਥੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ

ਪੰਜਾਬ ਭਰ ਵਿੱਚ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਸਿਖਾਇਆ ਜਾ ਰਿਹਾ ਹੈ ਯੋਗ

ਨਬਜ਼-ਏ-ਪੰਜਾਬ, ਮੁਹਾਲੀ, 5 ਦਸੰਬਰ:
ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6, ਮੁਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਪੰਜਾਬ ਵੱਲੋਂ ‘‘ਸੀਐਮ ਦੀ ਯੋਗਸ਼ਾਲਾ’’ ਵਿਖੇ ਯੋਗਾ ਸਿਖਲਾਈ ਦਾ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਨੋਡਲ ਅਫ਼ਸਰ ਡਾ. ਗਗਨ ਸਿੰਘ ਧਾਕੜ, ਪੰਜਾਬ ਦੇ ਯੋਗਾ ਵਿਭਾਗ ਦੇ ਸੀਨੀਅਰ ਸਲਾਹਕਾਰ ਅਮਰੇਸ਼ ਝਾਅ ਅਤੇ ਕਮਲੇਸ਼ ਮਿਸ਼ਰਾ, ਡਿਪਲੋਮਾ ਕੋਆਰਡੀਨੇਟਰ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਡਾ. ਸੰਜੀਵ ਗੋਇਲ ਨੇ ਕਿਹਾ ਕਿ ਰਾਜ ਸਰਕਾਰ ਨੇ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਾਉਣ ਲਈ ਨਿਵੇਕਲੀ ਪਹਿਲਕਦਮੀ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ, ਜਿਸ ਦਾ ਮੰਤਵ ਯੋਗਾ ਰਾਹੀਂ ਲੋਕਾਂ ਨੂੰ ਬੀਮਾਰੀਆਂ ਤੋਂ ਬਚਾ ਕੇ ਹਸਪਤਾਲਾਂ ਵਿੱਚ ਭੀੜ ਘਟਾਉਣਾ ਹੈ। ਇੱਕ ਪਾਸੇ ਜਿੱਥੇ ਸਰਕਾਰ ਸੀਐਮ ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਸਿਹਤਮੰਦ ਬਣਾਉਣ ਦੀ ਮੁਹਿੰਮ ਚਲਾ ਰਹੀ ਹੈ, ਉੱਥੇ ਦੂਜੇ ਪਾਸੇ ਯੋਗਾ ਕੋਰਸ ਕਰਨ ਵਾਲੇ ਲੋਕਾਂ ਨੂੰ ਡਿਪਲੋਮਾ ਕੋਰਸਾਂ ਰਾਹੀਂ ਵਧੀਆ ਯੋਗਾ ਅਧਿਆਪਕ ਬਣਨ ਲਈ ਉਤਸ਼ਾਹਿਤ ਕਰ ਰਹੀ ਹੈ।
ਸੀਨੀਅਰ ਯੋਗਾ ਸਲਾਹਕਾਰ ਅਮਰੇਸ਼ ਝਾਅ ਅਤੇ ਕਮਲੇਸ਼ ਮਿਸ਼ਰਾ ਨੇ ਦੱਸਿਆ ਕਿ ਸੀਐਮ ਦੀ ਯੋਗਸ਼ਾਲਾ ਅਧੀਨ ਯੋਗਾ ਟਰੇਨਰ ਰੋਜ਼ਾਨਾ ਪੰਜਾਬ ਦੇ ਲੋਕਾਂ ਨੂੰ ਯੋਗਾ ਸਿਖਾ ਰਹੇ ਹਨ। ਪੰਜਾਬ ਵਿੱਚ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਯੋਗਾ ਕਲਾਸਾਂ ਚੱਲ ਰਹੀਆਂ ਹਨ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਿਯਮਿਤ ਤੌਰ ’ਤੇ ਯੋਗ ਅਭਿਆਸ ਕਰਕੇ ਲਾਭ ਲੈ ਰਹੇ ਹਨ। ਇਸ ਲਈ ਹੈਲਪਲਾਈਨ ਨੰਬਰ 7669400500 ਵੀ ਸ਼ੁਰੂ ਕੀਤਾ ਗਿਆ ਹੈ, ਬੱਸ ਇੱਕ ਮਿਸ ਕਾਲ ’ਤੇ ਸਰਕਾਰ ਮੁਫ਼ਤ ਯੋਗਾ ਅਧਿਆਪਕ ਮੁਹੱਈਆ ਕਰਵਾਏਗੀ। ਲੋਕ www.cmdiyogashala.punjab.in ’ਤੇ ਖਾਣ-ਪੀਣ ਅਤੇ ਯੋਗਾ ਅਭਿਆਸ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿੱਥੇ ਲੋਕ ਉਕਤ ਸਥਾਨਾਂ ’ਤੇ ਯੋਗ ਅਭਿਆਸ ਕਰ ਰਹੇ ਹਨ। ਅੱਜ ਬਹੁਤ ਸਾਰੇ ਲੋਕ ਸਾਹ ਪ੍ਰਣਾਲੀ, ਬਲੱਡ ਪ੍ਰੈੱਸ਼ਰ, ਸ਼ੂਗਰ ਲੈਵਲ ਅਤੇ ਦਿਲ ਤੇ ਜੋੜਾਂ ਦੇ ਦਰਦਾਂ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਹਨ। ਇਨ੍ਹਾਂ ਸਾਰੇ ਮਰੀਜ਼ਾਂ ਲਈ ਯੋਗ ਲਾਭਦਾਇਕ ਹੋ ਸਕਦਾ ਹੈ। ਉਨ੍ਹਾਂ ਨੂੰ ਵੱਖ-ਵੱਖ ਆਸਣ, ਪ੍ਰਾਣਾਯਾਮ, ਧਿਆਨ, ਮੁਦਰਾ, ਬੰਦ, ਧਾਰਣਾ ਅਤੇ ਯੋਗਾ ਕਿਰਿਆਵਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਚੰਗੇ ਯੋਗ ਸਾਧਕ ਬਣ ਕੇ ਅੱਗੇ ਹੋਰ ਲੋਕਾਂ ਨੂੰ ਜਾਗਰੂਕ ਕਰ ਸਕਣ। ਉਨ੍ਹਾਂ ਕਿਹਾ ਕਿ ‘ਸੀਐਮ ਦੀ ਯੋਗਸ਼ਾਲਾ’ ਰਾਹੀਂ ਜਿੱਥੇ ਲੋਕ ਸਿਹਤਮੰਦ ਜੀਵਨ ਬਤੀਤ ਕਰ ਸਕਣਗੇ, ਉੱਥੇ ਉਨ੍ਹਾਂ ਨੂੰ ਯੋਗਾ ਟਰੇਨਰ ਅਤੇ ਯੋਗ ਮਾਰਗ ਦਰਸ਼ਨ ਆਸਾਨੀ ਨਾਲ ਮਿਲ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …