
ਪੰਜਾਬ ਦੇ ਡਿਪਲੋਮਾ ਇੰਜੀਨੀਅਰ ਵੀ ਸੜਕਾਂ ’ਤੇ ਉਤਰੇ, ਸੂਬਾ ਪੱਧਰੀ ਰੈਲੀ ਕਰਕੇ 10 ਰੋਜ਼ਾ ਭੁੱਖ ਹੜਤਾਲ ਸ਼ੁਰੂ
ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ, ਮੁਹਾਲੀ ਪੁਲੀਸ ਨੇ ਵਾਈਪੀਐਸ ਚੌਕ ਨੇੜੇ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਚੇਅਰਮੈਨ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਪਦਉੱਨਤ ਉਪ ਮੰਡਲ ਇੰਜੀਨੀਅਰਾਂ ਵੱਲੋਂ ਅੱਜ ਇੱਥੋਂ ਫੇਜ਼-8 ਸਥਿਤ ਪੁੱਡਾ ਗਰਾਉਂਡ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚੇ ਡਿਪਲੋਮਾ ਇੰਜੀਨੀਅਰਾਂ ਨੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਪਣੀਆਂ ਮੰਗਾਂ ’ਤੇ ਚਰਚਾ ਕਰਨ ਉਪਰੰਤ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕਰਨ ਦਾ ਯਤਨ ਕੀਤਾ ਗਿਆ ਪ੍ਰੰਤੂ ਮੁਹਾਲੀ ਪੁਲੀਸ ਨੇ ਵਾਈਪੀਐਸ ਚੌਂਕ ਨੇੜੇ ਬੈਰੀਕੇਟ ਲਗਾ ਕੇ ਪੈਦਲ ਮਾਰਚ ਕਰ ਰਹੇ ਇੰਜੀਨੀਅਰਾਂ ਦਾ ਰਾਹ ਰੋਕ ਲਿਆ। ਜਿਸ ਕਾਰਨ ਪ੍ਰਦਰਸ਼ਨਕਾਰੀ ਇੰਜੀਨੀਅਰ 10 ਦਿਨਾਂ ਭੁੱਖ-ਹੜਤਾਲ ’ਤੇ ਬੈਠ ਗਏ।
ਇਸ ਮੌਕੇ ਸੁਖਜਿੰਦਰ ਸਿੰਘ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਛੇਵੇਂ ਤਨਖ਼ਾਹ-ਕਮਿਸ਼ਨ ਨੇ ਇੰਜੀਨੀਅਰਾਂ ਦਾ ਵਜੂਦ ਖੋਹ ਲਿਆ ਹੈ ਅਤੇ ਏਸੀਪੀ ਸਕੀਮ ਤਹਿਤ ਮਿਲਦੇ ਨੋਟੀਫਿਕੇਸ਼ਨ ਪ੍ਰਤੀ ਸਰਕਾਰ ਨੇ ਚੁੱਪ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਜੇਈ ਨੂੰ ਫੀਲਡ ਵਿੱਚ ਜਾਣ ਬਦਲੇ ਮਿਲਦਾ ਭੱਤਾ ਵੀ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇੰਜੀਨੀਅਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਪ ਮੰਡਲ ਇੰਜੀਨੀਅਰਾਂ ਨੂੰ ਫੀਲਡ ਵਿੱਚ ਜਾਣ ਬਦਲੇ ਭੱਤਾ ਦੇਣਾ ਮੁੜ ਸ਼ੁਰੂ ਕੀਤਾ ਜਾਵੇ, ਚੰਡੀਗੜ੍ਹ ਪੈਟਰਨ ’ਤੇ ਤਰੱਕੀਆਂ ਦਿੱਤੀਆਂ ਜਾਣ। ਉਧਰ, ਇੰਜੀਨੀਅਰਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਯੂਨੀਅਨ ਦੇ ਮੋਹਰੀ ਆਗੂਆਂ ਨੂੰ 6 ਦਸੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ।
ਇਸ ਮੌਕੇ ਅਰਵਿੰਦ ਯਾਦਵ, ਰਾਜੇਸ਼ ਰੋਹਿਲ, ਦਵਿੰਦਰ ਸਿੰਘ, ਪਰਮਜੀਤ ਖੱਟੜਾ, ਸਤਨਾਮ ਸਿੰਘ ਧਨੋਆ, ਭੁਪਿੰਦਰ ਸਿੰਘ ਸੋਮਲ, ਕਰਮਜੀਤ ਸਿੰਘ ਬੀਹਲਾ, ਵਿਵੇਕ ਵਿਸ਼ਸ਼ਟ, ਪ੍ਰਦੇਸ਼ ਕੁਮਾਰ, ਕਰਮਜੀਤ ਸਿੰਘ ਮਾਨ, ਕਰਮਜੀਤ ਸਿੰਘ ਖੋਖਰ, ਲਖਵਿੰਦਰ ਸਿੰਘ, ਨਿਰਮਲ ਸਿੰਘ, ਨਰੇਸ਼ ਕੁਮਾਰ, ਰਮੇਸ਼ ਜੇਤਲੀ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਅਤੇ ਦੀਪਾਸ਼ ਨੇ ਵੀ ਸੰਬੋਧਨ ਕੀਤਾ।