Nabaz-e-punjab.com

ਮੁਹਾਲੀ ਹਵਾਈ ਅੱਡੇ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਪਹਿਲੀ ਸਿੱਧੀ ਹਵਾਈ ਉਡਾਣ ਸ਼ੁਰੂ

ਪੰਜ ਪਿਆਰੇ, ਚੰਦੂਮਾਜਰਾ, ਢੀਂਡਸਾ, ਚੀਮਾ, ਤੋਤਾ ਸਿੰਘ, ਹਰਿੰਦਰਪਾਲ ਸਮੇਤ 162 ਸ਼ਰਧਾਲੂਆਂ ਦਾ ਜਥਾ ਰਵਾਨਾ

ਅਗਲੇ ਪੜਾਅ ਵਿੱਚ ਮੁਹਾਲੀ ਤੋਂ ਸ੍ਰੀ ਪਟਨਾ ਸਾਹਿਬ ਤੱਕ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾਵੇਗੀ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਪਹਿਲੀ ਸਿੱਧੀ ਹਵਾਈ ਉਡਾਣ ਸ਼ੁਰੂ ਹੋਈ। ਇਸ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਭਾਰਤ ਸਰਕਾਰ ਦੀ ਏਅਰ ਇੰਡੀਆ ਕੰਪਨੀ ਦੀ ਇਸ ਪਹਿਲੀ ਫਲਾਈਟ ਨੇ ਮੰਗਲਵਾਰ ਨੂੰ ਸਵੇਰੇ 9 ਵਜੇ ਪਹਿਾਲੀ ਉਡਾਣ ਭਰੀ। ਇਸ ਤੋਂ ਪਹਿਲਾਂ ਹਵਾਈ ਅੱਡੇ ’ਤੇ ਸ਼ਬਦ ਕੀਰਤਨ ਹੋਇਆ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਉਪਰੰਤ ਦੇਗ ਵਰਤਾਈ ਗਈ।
ਸਿੱਖ ਸ਼ਰਧਾਲੂਆਂ ਦੀ ਇਹ ਚਿਰਕੌਣੀ ਮੰਗ ਲੰਮੇ ਅਰਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਪਹਿਲਕਦਮੀ ਸਦਕਾ ਪੂਰੀ ਹੋਈ। ਪਹਿਲੀ ਉਡਾਣ ਵਿੱਚ ਉਨ੍ਹਾਂ (ਚੰਦੂਮਾਜਰਾ) ਸਮੇਤ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਜਥੇਦਾਰ ਤੋਤਾ ਸਿੰਘ, ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਮੁੱਖ ਮੰਤਰੀ ਦੇ ਸਾਬਕਾ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਸੀਨੀਅਰ ਆਗੂ ਰਣਜੀਤ ਸਿੰਘ ਖੰਨਾ, ਮਹਿਲਾ ਵਿੰਗ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਮਨਜੀਤ ਸਿੰਘ ਮੁੰਧੋ ਸੰਗਤੀਆਂ, ਰਣਧੀਰ ਸਿੰਘ ਧੀਰਾ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਗੁਰਜਿੰਦਰ ਸਿੰਘ ਤਾਜਲਪੁਰ, ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਚੰਦੂਮਾਜਰਾ, ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ, ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਸਮੇਤ 162 ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ।
ਇਸ ਮੌਕੇ ਬੋਲਦਿਆਂ ਸ੍ਰੀ ਚੰਦੂਮਾਜਰਾ ਨੇ ਦੱਸਿਆ ਕਿ ਹਾਲਾਂਕਿ ਇਹ ਫਲਾਈਟ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਰਵਾਨਾ ਹੋਇਆ ਕਰੇਗੀ ਪ੍ਰੰਤੂ ਆਉਣ ਵਾਲੇ ਸਮੇਂ ਵਿੱਚ ਸੰਗਤ ਦੀ ਮੰਗ ਨੂੰ ਦੇਖਦੇ ਹੋਏ ਰੋਜ਼ਾਨਾ ਉਡਾਣ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਅਗਲੇ ਪੜਾਅ ਵਿੱਚ ਮੁਹਾਲੀ ਤੋਂ ਸ੍ਰੀ ਪਟਨਾ ਸਾਹਿਬ ਤੱਕ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾਵੇਗੀ। ਇਸ ਇਤਿਹਾਸਕ ਫੈਸਲੇ ਲਈ ਉਨ੍ਹਾਂ ਨੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਮੁੰਬਈ ਤੋਂ ਨਾਂਦੇੜ ਸਾਹਿਬ ਲਈ ਹਵਾਈ ਸੇਵਾ ਦੀ ਸੁਵਿਧਾ ਸੀ ਲੇਕਿਨ ਮੁਹਾਲੀ ਸਮੇਤ ਟਰਾਈਸਿਟੀ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਸ਼ਰਧਾਲੂਆਂ ਨੂੰ ਵੱਡਾ ਲਾਭ ਹੋਵੇਗਾ।
ਇਸ ਮੌਕੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਜਥੇਦਾਰ ਤੋਤਾ ਸਿੰਘ, ਹਮੇਸ਼ਇੰਦਰ ਸਿੰਘ ਗਰੇਵਾਲ ਅਤੇ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਪਾਰਟੀ ਆਗੂ ਸ੍ਰੀ ਚੰਦੂਮਾਜਰਾ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਖਿੱਤੇ ਦੇ ਲੋਕ ਲੰਮੇ ਅਰਸੇ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਸਿੱਧੀ ਉਡਾਣ ਦੀ ਮੰਗ ਕਰਦੇ ਆ ਰਹੇ ਸਨ, ਜੋ ਹੁਣ ਸ੍ਰੀ ਚੰਦੂਮਾਜਰਾ ਦੇ ਯਤਨਾ ਸਦਕਾ ਪੂਰੀ ਹੋਈ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…