
ਪਿੰਡ ਨੱਗਲ ਫੈਜਗੜ੍ਹ ਵਿੱਚ ਕਰਵਾਈ ‘ਝੋਨੇ ਦੀ ਸਿੱਧੀ ਬਿਜਾਈ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਖਰੜ ਸੰਦੀਪ ਕੁਮਾਰ ਦੀ ਅਗਵਾਈ ਹੇਠ ਪਿੰਡ ਨੱਗਲ ਫੈਜਗੜ੍ਹ ਵਿੱਚ ਰਾਜਵੀਰ ਸਿੰਘ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ। ਇਸ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੁਹਾਲੀ ਪਾਸੋਂ ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਸਬਸਿਡੀ ’ਤੇ ਪ੍ਰਾਪਤ ਕੀਤੀ ਹੈ ਅਤੇ ਇਹ ਕਿਸਾਨ ਆਪਣੇ ਅਤੇ ਨੇੜੇ ਦੇ ਹੋਰ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਹਾਇਤਾ ਵੀ ਕਰ ਰਿਹਾ ਹੈ।
ਖੇਤੀਬਾੜੀ ਅਫਸਰ ਬਲਾਕ ਖਰੜ ਨੇ ਜਾਣਕਾਰੀ ਦਿੱਤੀ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਦਿਨੋਂ ਦਿਨ ਘੱਟ ਰਿਹਾ ਹੈ ਅਤੇ ਪਾਣੀ ਦੇ ਘੱਟਦੇ ਹੋਏ ਪੱਧਰ ਦੀ ਰੋਕਥਾਮ ਲਈ ਸਰਕਾਰ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਗੁਰਦਿਆਲ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਬਿਜਾਏ ਬਦਲਵੀਆਂ ਦੀ ਫ਼ਸਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਮੱਕੀ ਬੀਜ ਦੀਆਂ ਕਿਸਮਾਂ ਐਡਵੰਟਾ 9293 ਅਤੇ ਪੀ.ਏ.ਸੀ. 751 ਤੇ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਜ ਦੀ ਖਰੀਦ ਲਈ ਆਨਲਾਈਨ ਪੋਰਟਲ ’ਤੇ ਰਜਿਸਟਰੇਸ਼ਨ ਹੋਣੀ ਹੈ। ਇਸ ਲਈ agrimachinerypb.com ਸਾਈਟ ’ਤੇ ਕਿਸਾਨ ਵੱਲੋਂ ਸਿੱਧੇ ਤੌਰ ’ਤੇ ਜਾਂ ਫਿਰ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫਤਰ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਪਵਿੱਤਰ ਸਿੰਘ, ਅਵਤਾਰ ਸਿੰਘ, ਅਤੇ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ।