
ਡੀਸੀ ਵੱਲੋਂ ਡਿਫੈਂਸ ਏਅਰਪੋਰਟ ਦੇ ਆਲੇ-ਦੁਆਲੇ ਨਿਯਮਤ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਸਿਵਲ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਦੀ ਕੀਤੀ ਸਾਂਝੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਡਿਫੈਂਸ ਏਅਰਪੋਰਟ ਦੇ ਆਲੇ-ਦੁਆਲੇ ਨਿਯਮਤ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼ ਨਿਰਦੇਸ਼ ਜਾਰੀ ਕੀਤੇ ਹਨ। ਅੱਜ ਸਿਵਲ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀਮਤੀ ਜੈਨ ਨੇ ਏਅਰ ਫੋਰਸ ਸਟੇਸ਼ਨ ਅਤੇ ਆਲੇ-ਦੁਆਲੇ ਬੁਨਿਆਦੀ ਢਾਂਚੇ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨ ਲਈ ਸਿਵਲ ਅਤੇ ਆਈਏਐਫ਼ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ ਅਤੇ ਏਅਰ ਫੋਰਸ ਸਟੇਸ਼ਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ।
ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਡਰੇਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਅਤੇ ਡਰੇਨ ਦੀ ਸਫ਼ਾਈ ਦਾ ਕੰਮ ਐਕਸੀਅਨ ਡਰੇਨੇਜ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਦੋ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਡਰੇਨਾਂ ਦੀ ਸਫ਼ਾਈ ਦੇ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਕੰਮ ’ਤੇ ਤਸੱਲੀ ਪ੍ਰਗਟਾਈ। ਵੱਖ-ਵੱਖ ਕੰਮਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਬਕਾਇਆ ਮੁੱਦਿਆਂ ਦੀ ਪਛਾਣ ਕਰਨ ਲਈ ਆਉਣ ਵਾਲੇ ਹਫ਼ਤੇ ਲਈ ਸਾਰੇ ਸਬੰਧਤ ਸਿਵਲ ਅਤੇ ਆਈਏਐਫ਼ ਅਧਿਕਾਰੀਆਂ ਦੀ ਸਾਂਝੀ ਫੇਰੀ ਦੀ ਵੀ ਯੋਜਨਾ ਹੈ।
ਡੀਸੀ ਨੇ ਮੁਹਾਲੀ ਨਗਰ ਨਿਗਮ, ਨਗਰ ਕੌਂਸਲ ਜ਼ੀਰਕਪੁਰ ਅਤੇ ਬੀਡੀਪੀਓ ਮੁਹਾਲੀ ਨੂੰ ਡਿਫੈਂਸ ਏਅਰਪੋਰਟ ਦੇ ਘੇਰੇ ਵਿੱਚ ਖੇਤਰ ਦੀ ਨਿਯਮਤ ਸਫ਼ਾਈ ਮੁਹਿੰਮਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ। ਇਸੇ ਤਰ੍ਹਾਂ ਐਕਸੀਅਨ ਡਰੇਨੇਜ ਨੂੰ ਸਾਰੇ ਡਰੇਨਾਂ ਦੀ ਦੋ-ਸਾਲਾ ਸਫ਼ਾਈ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਸਨ। ਭਾਰਤੀ ਏਅਰਫੋਰਸ ਸਟੇਸ਼ਨ ਦੇ ਤਿੰਨ ਕਰੈਸ਼ ਗੇਟਾਂ ਤੱਕ ਪਹੁੰਚ ਦੇ ਸਬੰਧ ਵਿੱਚ, ਇਹ ਦੱਸਿਆ ਗਿਆ ਕਿ ਸਾਰੇ ਗੇਟ ਹੁਣ ਕਿਸੇ ਵੀ ਕਿਸਮ ਦੇ ਕਬਜ਼ੇ ਤੋਂ ਮੁਕਤ ਹਨ ਅਤੇ ਸਾਰੇ ਸਬੰਧਤ ਸਥਾਨਕ ਅਧਿਕਾਰੀਆਂ ਇਨ੍ਹਾਂ ਤੱਕ ਜਾਣ ਲਈ ਸਾਰੇ ਲੋੜੀਂਦੇ ਮੁਰੰਮਤ ਦੇ ਕੰਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਰੱਖਿਆ ਖੇਤਰ ਦੇ ਨੇੜੇ ਡਰੋਨ ਉਡਾਣ ਉੱਤੇ ਰੱਖਿਆ ਅਧਿਕਾਰੀਆਂ ਵੱਲੋਂ ਪ੍ਰਗਟਾਈ ਚਿੰਤਾ ਸਬੰਧੀ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮਨਾਹੀ ਦੇ ਹੁਕਮ ਪਹਿਲਾਂ ਹੀ ਲਾਗੂ ਹਨ ਅਤੇ ਜੇਕਰ ਫਿਰ ਵੀ ਕੋਈ ਉਲੰਘਣਾ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਇੱਕ ਸਾਂਝੀ ਤਾਲਮੇਲ ਮੀਟਿੰਗ ਮਹੀਨੇ ਵਿੱਚ ਇੱਕ ਵਾਰ ਕੀਤੀ ਜਾਵੇਗੀ ਤਾਂ ਜੋ ਸਾਰੀਆਂ ਗੱਲਾਂ ’ਤੇ ਚਰਚਾ ਕੀਤੀ ਜਾ ਸਕੇ ਅਤੇ ਸਬੰਧਤ ਅਧਿਕਾਰੀਆਂ ਦੁਆਰਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਵੀ ਕੀਤਾ ਜਾਂਦਾ ਹੈ।
ਮਾਲ ਅਧਿਕਾਰੀਆਂ ਵੱਲੋਂ ਰੱਖਿਆ ਅਧਿਕਾਰੀਆਂ ਦੇ ਹੱਕ ਵਿੱਚ ਰੱਖਿਆ ਜ਼ਮੀਨਾਂ ਦਾ ਇੰਤਕਾਲ ਕਰਨ ਲਈ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸ਼ਲਾਘਾ ਕੀਤੀ। ਲੰਬੇ ਸਮੇਂ ਤੋਂ ਲਟਕਦੇ ਆ ਰਹੇ ਇਸ ਮੁੱਦੇ ਨੂੰ ਦੋਵਾਂ ਸੰਸਥਾਵਾਂ ਦੇ ਤਾਲਮੇਲ ਅਤੇ ਮਾਲ ਅਧਿਕਾਰੀਆਂ ਦੇ ਸਰਗਰਮ ਯੋਗਦਾਨ ਰਾਹੀਂ ਹੱਲ ਕੀਤਾ ਗਿਆ। ਮੀਟਿੰਗ ਵਿੱਚ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ, ਏਡੀਸੀ ਦਮਨਜੀਤ ਸਿੰਘ, ਹਵਾਈ ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਸਨ।