ਖਰੜ ਦੇ ਪ੍ਰਾਈਵੇਟ ਹਸਪਤਾਲ ਦੀ ਡਾਇਰੈਕਟਰ ਵੱਲੋਂ ਬਿਲਡਰ ’ਤੇ ਇਮਾਰਤ ਖਾਲੀ ਕਰਨ ਲਈ ਧਮਕਾਉਣ ਦਾ ਦੋਸ਼

ਬਿਲਡਰ ਵੱਲੋਂ ਸ਼ਿਕਾਇਤ ਕਰਤਾ ਅੌਰਤ ’ਤੇ ਇਮਾਰਤ ਦਾ ਪੈਂਡਿੰਗ ਕਿਰਾਇਆ ਨਾ ਦੇਣ ਦਾ ਦੋਸ਼

ਮਾਮਲਾ ਖਰੜ ਅਦਾਲਤ ਦੇ ਵਿਚਾਰ ਅਧੀਨ, ਕੇਸ ਦੀ ਸੁਣਵਾਈ ਅੱਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਖਰੜ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਡਾਇਰੈਕਟਰ ਸਰਬਜੀਤ ਕੌਰ ਨੇ ਇੱਕ ਬਿਲਡਰ ਦੇ ਖ਼ਿਲਾਫ਼ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਜ਼ਬਰਦਸਤੀ ਹਸਪਤਾਲ ਦੀ ਇਮਾਰਤ ਖਾਲੀ ਕਰਨ ਲਈ ਧਮਕਾਉਣ ਦਾ ਦੋਸ਼ ਲਗਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਬਜੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ ਹਸਪਤਾਲ ਖੋਲ੍ਹਣ ਲਈ ਇਮਾਰਤ ਕਿਰਾਏ ’ਤੇ ਲਈ ਸੀ ਤਾਂ ਉਸ ਸਮੇਂ ਸਿਰਫ਼ ਇੱਟਾਂ ਦਾ ਢਾਂਚਾ ਹੀ ਖੜਾ ਸੀ। ਉਸ ਨੇ ਮੋਟੀ ਰਾਸ਼ੀ ਖ਼ਰਚ ਕਰਕੇ ਇਮਾਰਤ ਦਾ ਨਿਰਮਾਣ ਮੁਕੰਮਲ ਕੀਤਾ ਸੀ ਅਤੇ ਇਸ ਸਬੰਧੀ ਉਸ ਦਾ ਬਿਲਡਰ ਨਾਲ 10 ਸਾਲ ਦਾ ਐਗਰੀਮੈਂਟ ਕੀਤਾ ਸੀ।
ਪ੍ਰੰਤੂ ਹੁਣ ਬਿਲਡਰ ਉਸ ਤੋਂ ਹਸਪਤਾਲ ਦੀ ਇਮਾਰਤ ਨੂੰ ਖਾਲੀ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਸਰਬਜੀਤ ਕੌਰ ਨੇ ਦੱਸਿਆ ਕਿ ਉਕਤ ਬਿਲਡਰ ਦੀ ਮਿਲੀ ਭੁਗਤ ਨਾਲ ਪੁਲੀਸ ਨੇ ਉਸ ਖ਼ਿਲਾਫ਼ ਖਰੜ ਥਾਣੇ ਵਿੱਚ ਪਰਚੇ ਵੀ ਦਰਜ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖਰੜ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪ੍ਰੰਤੂ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਸ਼ਿਕਾਇਤ ਕਰਤਾ ਅੌਰਤ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਭਰੂਣ ਹੱਤਿਆ ਕਰਦੇ ਰੰਗੀ ਹੱਥੀਂ ਫੜਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਉਸ ਦੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਸੀ। ਇੱਕ ਅਕਾਲੀ ਆਗੂ ਵੱਲੋਂ ਪੁਲੀਸ ਅਤੇ ਐਸਡੀਐਮ ਨੂੰ ਸ਼ਿਕਾਇਤ ਦੇ ਕੇ ਉਨ੍ਹਾਂ ਦਾ ਹਸਪਤਾਲ ਬੰਦ ਕਰਵਾਉਣ ਅਤੇ ਕਥਿਤ ਤੌਰ ’ਤੇ ਗੈਰ ਸਮਾਜਿਕ ਕੰਮ ਕਰਨ ਦੇ ਦੋਸ਼ਾਂ ਬਾਰੇ ਉਕਤ ਅੌਰਤਾਂ ਨੇ ਕਿਹਾ ਕਿ ਇਹ ਬਿਲਕੁਲ ਝੂਠੀ ਸ਼ਿਕਾਇਤ ਹੈ। ਅਕਾਲੀ ਆਗੂ ਉਨ੍ਹਾਂ ਦੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦੇ ਕੇ ਉਸ ’ਤੇ ਆਪਣੇ ਇੱਕ ਸਾਥੀ ਦੇ ਖ਼ਿਲਾਫ਼ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਬਿਲਡਰ ਪ੍ਰਵੀਨ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਸਰਬਜੀਤ ਕੌਰ ਨੂੰ ਆਪਣੀ ਇਮਾਰਤ ਕਿਰਾਏ ’ਤੇ ਦਿੱਤੀ ਸੀ, ਉਨ੍ਹਾਂ ਸਰਬਜੀਤ ਕੌਰ ਕੋਲੋਂ ਉਕਤ ਇਮਾਰਤ ਦਾ ਲਗਭਗ 70 ਲੱਖ ਰੁਪਏ ਕਿਰਾਇਆ ਲੈਣਾ ਹੈ। ਜਿਸ ਸਬੰਧੀ ਅਦਾਲਤ ਵਿੱਚ ਮਾਮਲਾ ਵਿਚਾਰ ਅਧੀਨ ਹੈ ਅਤੇ ਭਲਕੇ ਬੁੱਧਵਾਰ ਨੂੰ ਇਸ ਕੇਸ ਦੀ ਸੁਣਵਾਈ ਹੋਣੀ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਖ਼ਿਲਾਫ਼ ਪੁਲੀਸ ਵੱਲੋਂ ਜਿਹੜੇ ਵੀ ਕੇਸ ਦਰਜ ਕੀਤੇ ਗਏ ਹਨ। ਉਸ ਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਲਟਾ ਸਰਬਜੀਤ ਕੌਰ ਇਲਾਜ ਦੇ ਨਾਂ ’ਤੇ ਲੋਕਾਂ ਨਾਲ ਖਿਲਵਾੜ ਕਰ ਰਹੀ ਹੈ। ਉਧਰ, ਖਰੜ ਸਿਟੀ ਥਾਣਾ ਦੇ ਐਸਐਚਓ ਭਗਵੰਤ ਸਿੰਘ ਰਿਆੜ ਨੇ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …