Nabaz-e-punjab.com

ਆਖ਼ਰਕਾਰ ਸਾਬਕਾ ਫੌਜੀ ਨੂੰ 31 ਸਾਲਾਂ ਬਾਅਦ ਮਿਲੀ ਅੰਗਹੀਣਤਾ ਪੈਨਸ਼ਨ, ਲੱਡੂ ਵੰਡੇ

ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਯਤਨਾਂ ਨੂੰ ਪਿਆ ਬੂਰ: ਕਰਨਲ ਸੋਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਸਾਬਕਾ ਫੌਜੀਆਂ ਦੀ ਭਲਾਈ ਲਈ ਯਤਨਸ਼ੀਲ ਸੰਸਥਾ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਯਤਨਾਂ ਨਾਲ ਸਾਬਕਾ ਫੌਜੀ ਨੂੰ ਕਰੀਬ 31 ਸਾਲਾਂ ਬਾਅਦ ਅੰਗਹੀਣਤਾ ਪੈਨਸ਼ਨ ਮਿਲਣੀ ਸ਼ੁਰੂ ਹੋਈ। ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ. ਕਰਨਲ (ਸੇਵਾਮੁਕਤ) ਐਸ ਐਸ ਸੋਹੀ ਨੇ ਦੱਸਿਆ ਕਿ ਸਿਪਾਹੀ ਜਸਪਾਲ ਸਿੰਘ (69) ਵਾਸੀ ਪਿੰਡ ਪੰਮੋਰ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) 19 ਸਿੱਖ ਰੈਜ਼ੀਮੈਂਟ ਵਿੱਚ 1980 ਵਿੱਚ ਭਰਤੀ ਹੋਇਆ ਸੀ ਪ੍ਰੰਤੂ ਅੱਠ ਸਾਲ ਤੋਂ ਵੱਧ ਨੌਕਰੀ ਕਰਨ ਤੋਂ ਬਾਅਦ 11 ਜੂਨ 1988 ਨੂੰ ਘਰ ਆ ਗਿਆ ਸੀ।
ਕਰਨਲ ਸੋਹੀ ਨੇ ਦੱਸਿਆ ਕਿ ਉਸ ਦੇ ਫੌਜ ਛੱਡਣ ਵੇਲੇ ਫੌਜ ਨੇ ਉਨ੍ਹਾਂ ਨੂੰ ਪੈਨਸ਼ਨ ਦਾ ਕੋਈ ਲਾਭ ਨਹੀਂ ਦਿੱਤਾ। ਫੌਜ ਵੱਲੋਂ ਸਿਪਾਹੀ ਜਸਪਾਲ ਸਿੰਘ ਨੂੰ ਪੈਨਸ਼ਨ ਨਾ ਦੇਣ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਉਹ ਫੌਜ ’ਚੋਂ ਪੰਜ ਦਿਨ ਲਈ ਛੁੱਟੀ ’ਤੇ ਘਰ ਆਇਆ ਸੀ ਪਰ ਪੰਜ ਦਿਨਾਂ ਬਾਅਦ ਡਿਊਟੀ ’ਤੇ ਹਾਜ਼ਰ ਨਹੀਂ ਸੀ ਹੋਇਆ ਸਗੋਂ ਕਾਫੀ ਲੇਟ ਡਿਊਟੀ ’ਤੇ ਹਾਜ਼ਰ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਪੰਜ ਦਿਨ ਦੀ ਛੁੱਟੀ ਤੋਂ ਬਾਅਦ ਜਦੋਂ ਜਸਪਾਲ ਸਿੰਘ ਡਿਊਟੀ ’ਤੇ ਵਾਪਸ ਜਾ ਰਿਹਾ ਸੀ ਤਾਂ ਲਖਨੌਰ ਨੇੜੇ ਉਸ ਨਾਲ ਹਾਦਸਾ ਵਾਪਰ ਗਿਆ। ਜਿਸ ਵਿੱਚ ਉਸ ਦੀ ਲੱਤ ਟੁੱਟ ਗਈ ਸੀ। ਜਿਸ ਕਾਰਨ ਪਹਿਲਾਂ ਉਹ ਪੀਜੀਆਈ ਵਿੱਚ ਜੇਰੇ ਇਲਾਜ ਰਿਹਾ, ਫਿਰ ਉਸ ਨੂੰ ਆਰਮੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਜਦੋਂ ਉਹ ਪਲਟਨ ਵਿੱਚ ਵਾਪਸ ਪੁੱਜਾ ਤਾਂ ਉਸ ਨੂੰ ਲੇਟ ਆਉਣ ਦੀ ਸੂਰਤ ਵਿੱਚ 14 ਦਿਨ ਦੀ ਸਜ਼ਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਉਸ ਦਾ ਮੈਡੀਕਲ ਹੋਇਆ ਤਾਂ ਉਹ ਲੱਤ ਟੁੱਟੀ ਹੋਣ ਕਾਰਨ ਮੈਡੀਕਲ ਤੌਰ ’ਤੇ ਅਨਫਿਟ ਪਾਇਆ ਗਿਆ। ਇਸ ਤਰ੍ਹਾਂ ਫੌਜ ਨੇ ਉਸ ਨੂੰ ਘਰ ਭੇਜ ਦਿੱਤਾ।
ਕਰਨਲ ਸੋਹੀ ਨੇ ਦੱਸਿਆ ਕਿ ਫੌਜ ਦਾ ਨਿਯਮ ਹੈ ਕਿ ਜੋ ਫੌਜੀ ਛੁੱਟੀ ਖਤਮ ਹੋਣ ਤੋਂ ਬਾਅਦ ਡਿਊਟੀ ’ਤੇ ਸਮੇਂ ਸਿਰ ਹਾਜ਼ਰ ਨਹੀਂ ਹੁੰਦਾ, ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਫੌਜ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਨੇ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ 2017 ਵਿੱਚ ਜਸਪਾਲ ਸਿੰਘ ਦਾ ਕੇਸ ਆਰਮਡ ਫੋਰਸਿਸ ਟ੍ਰਿਬਿਊਨਲ ਚੰਡੀਮੰਦਰ ਵਿੱਚ ਪੈਨਸ਼ਨ ਲਗਾਉਣ ਲਈ ਭੇਜਿਆ ਗਿਆ। ਆਰਮੀ ਅਦਾਲਤ ਵਿੱਚ ਵੀ ਫੌਜ ਨੇ ਇਹ ਦਲੀਲ ਦਿੱਤੀ ਕਿ ਜਸਪਾਲ ਸਿੰਘ ਨਿਸ਼ਚਿਤ ਦਿਨਾਂ ਦੀ ਛੁੱਟੀ ਤੋਂ ਲੇਟ ਆਇਆ ਸੀ। ਜਿਸ ਕਰਕੇ ਉਸ ਨੂੰ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਦੇ ਵਕੀਲ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਜਸਪਾਲ ਸਿੰਘ ਤਾਂ ਡਿਊਟੀ ’ਤੇ ਵਾਪਸ ਜਾ ਰਿਹਾ ਸੀ ਪਰ ਰਸਤੇ ਵਿੱਚ ਉਸ ਦਾ ਐਕਸੀਡੈਂਟ ਹੋਣ ਕਾਰਨ ਉਹ ਲੇਟ ਹੋ ਗਿਆ। ਇਸ ਲਈ ਉਸ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਫੌਜ ਵੱਲੋਂ ਜਸਪਾਲ ਸਿੰਘ ਨੂੰ ਲੇਟ ਆਉਣ ਦੀ ਪਹਿਲਾਂ ਹੀ 14 ਦਿਨ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਫਿਰ ਉਸ ਨੂੰ ਪੈਨਸ਼ਨ ਨਾ ਦੇ ਕੇ ਦੂਜੀ ਵਾਰ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਮੀ ਕਾਨੂੰਨ ਅਨੁਸਾਰ ਇੱਕ ਗੁਨਾਹ ਲਈ ਸਿਰਫ਼ ਇੱਕ ਵਾਰ ਸਜਾ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਆਰਮੀ ਅਦਾਲਤ ਨੇ ਜਸਪਾਲ ਸਿੰਘ ਨੂੰ 15 ਹਜ਼ਾਰ ਰੁਪਏ ਮਹੀਨਾਂ ਪੈਨਸ਼ਨ ਦੇਣ ਅਤੇ ਪਿਛਲੇ ਪੰਜ ਸਾਲ ਦਾ ਬਕਾਇਆ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਖੁਸ਼ੀ ਵਿੱਚ ਸਿਪਾਹੀ ਜਸਪਾਲ ਸਿੰਘ ਨੇ ਅੱਜ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਮੁਹਾਲੀ ਸਥਿਤ ਦਫ਼ਤਰ ਆ ਕੇ ਲੱਡੂ ਵੰਡੇ ਅਤੇ ਕਰਨਲ ਸੋਹੀ ਤੇ ਹੋਰਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਨਬਜ਼-ਏ-ਪੰਜਾਬ, ਮੁਹਾਲ…