Nabaz-e-punjab.com

ਸਾਬਕਾ ਫੌਜੀ ਨੂੰ ਸਾਢੇ ਚਾਰ ਦਹਾਕੇ ਬਾਅਦ ਮਿਲੀ 50 ਫੀਸਦੀ ਅੰਗਹੀਣਤਾ ਪੈਨਸ਼ਨ: ਕਰਨਲ ਸੋਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਦੇ ਯਤਨਾਂ ਸਦਕਾ ਇੱਕ ਸਾਬਕਾ ਫੌਜੀ ਨੂੰ ਕਰੀਬ 46 ਸਾਲ 50 ਫੀਸਦੀ ਅੰਗਹੀਣਤਾ ਪੈਨਸ਼ਨ ਮਿਲਣੀ ਸ਼ੁਰੂ ਹੋਈ ਹੈ। ਜਦੋਂਕਿ ਇਸ ਤੋਂ ਪਹਿਲਾਂ ਸਾਬਕਾ ਫੌਜੀ ਇਨਸਾਫ਼ ਲਈ ਖੱਜਲ ਖੁਆਰ ਹੋ ਰਿਹਾ ਸੀ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਦੱਸਿਆ ਕਿ ਸਿਪਾਹੀ ਬਲਦੇਵ ਸਿੰਘ (71) ਵਾਸੀ ਪਿੰਡ ਭਜੌਲੀ (ਮੁਹਾਲੀ) ਨੂੰ ਕਰੀਬ ਸਾਢੇ ਚਾਰ ਦਹਾਕੇ ਪਹਿਲਾਂ ਫੌਜ ’ਚੋਂ 10 ਸਾਲ ਦੀ ਨੌਕਰੀ ਤੋਂ ਇਹ ਕਹਿ ਕੇ ਸੇਵਾਮੁਕਤ ਕਰ ਦਿੱਤਾ ਗਿਆ ਸੀ ਕਿ ਇਸ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੈ। ਉਸ ਸਮੇਂ ਫੌਜ ਵੱਲੋਂ ਬਲਦੇਵ ਸਿੰਘ ਨੂੰ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ 46 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਉਸ ਨੂੰ ਪੈਨਸ਼ਨ ਨਹੀਂ ਸੀ ਮਿਲੀ। ਫਿਰ ਉਨ੍ਹਾਂ ਦੀ ਸੰਸਥਾ ਨੇ ਇਸ ਸਬੰਧੀ ਪੈਰਵਾਈ ਕੀਤੀ ਅਤੇ ਫੌਜ ਨਾਲ ਸੰਪਰਕ ਕੀਤਾ ਤਾਂ ਫੌਜ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਇਸ ਫੌਜੀ ਦਾ ਕੋਈ ਰਿਕਾਰਡ ਹੀ ਨਹੀਂ ਹੈ। ਇਸ ਉਪਰੰਤ ਉਹ ਇਸ ਫੌਜੀ ਦੇ ਕੇਸ ਨੂੰ ਆਰਮਡ ਫੋਰਸ ਟ੍ਰਿਬਿਊਨਲ ਚੰਡੀਮੰਦਰ ਵਿੱਚ ਲੈ ਗਏ। ਇਸ ਅਦਾਲਤ ਵਿੱਚ ਵੀ ਫੌਜ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਸ ਫੌਜੀ ਸਬੰਧੀ ਕੋਈ ਡਾਕੂਮੈਂਟ ਫੌਜ ਕੋਲ ਨਹੀਂ ਹੈ ਜਿਸ ’ਤੇ ਉਨ੍ਹਾਂ ਦੀ ਸੰਸਥਾ ਵੱਲੋਂ ਇਸ ਫੌਜੀ ਨਾਲ ਸਬੰਧਤ ਪੂਰੇ ਡਾਕੂਮੈਂਟ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ। ਕਰਨਲ ਸੋਹੀ ਨੇ ਦੱਸਿਆ ਕਿ ਇਸ ਮੌਕੇ ਫੌਜ ਦੇ ਅਧਿਕਾਰੀਆਂ ਵੱਲੋਂ ਜੱਜ ਸਾਹਿਬ ਕੋਲ ਇਹ ਵੀ ਸਵਾਲ ਚੁੱਕਿਆ ਗਿਆ ਕਿ 46 ਸਾਲ ਬਾਅਦ ਹੁਣ ਸਿਪਾਹੀ ਬਲਦੇਵ ਸਿੰਘ ਕੇਸ ਕਿਉਂ ਲੜ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਇਸ ਨੇ ਇਹ ਮੰਗ ਕਿਉਂ ਨਹੀਂ ਕੀਤੀ ਤਾਂ ਜੱਜ ਸਾਹਿਬ ਨੇ ਫੌਜ ਦੇ ਅਧਿਕਾਰੀਆਂ ਦੀ ਝਾੜਝੰਬ ਕਰਦਿਆਂ ਕਿਹਾ ਕਿ ਸਿਪਾਹੀ ਬਲਦੇਵ ਸਿੰਘ ਨੂੰ ਪੈਨਸ਼ਨ ਨਾ ਦੇਣ ਲਈ ਫੌਜ ਦੋਸ਼ੀ ਹੈ, ਇਸ ਲਈ ਬਲਦੇਵ ਸਿੰਘ ਨੂੰ ਪੈਨਸ਼ਨ ਦੇਣ ਦੇ ਨਾਲ ਨਾਲ ਫੌਜ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ। ਇਸ ਉਪਰੰਤ ਅਦਾਲਤ ਨੇ ਸਿਪਾਹੀ ਬਲਦੇਵ ਸਿੰਘ ਨੂੰ 15 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਅਤੇ ਪੈਨਸ਼ਨ ਦੇ ਪਿਛਲੇ ਪੰਜ ਸਾਲ ਦੇ ਬਕਾਏ ਦੇਣ ਦੇ ਹੁਕਮ ਜਾਰੀ ਕਰ ਦਿੱਤੇ। ਕਰਨਲ ਸੋਹੀ ਨੇ ਕਿਹਾ ਕਿ ਫੌਜ ਵੱਲੋਂ ਸਾਬਕਾ ਫੌਜੀਆਂ ਨਾਲ ਅਜਿਹਾ ਵਤੀਰਾ ਅਖ਼ਤਿਆਰ ਕਰਨ ਕਰਕੇ ਨੌਜਵਾਨਾ ਦਾ ਭਾਰਤੀ ਫੌਜ ਵਿੱਚ ਜਾਣ ਦਾ ਰੁਝਾਨ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੂੰ ਚਾਹੀਦਾ ਹੈ ਕਿ ਉਹ ਹਰ ਫੌਜੀ ਨੂੰ ਰਿਟਾਇਮੈਂਟ ਦੇਣ ਵੇਲੇ ਨਾਲ ਦੀ ਨਾਲ ਉਸ ਦੀ ਪੈਨਸ਼ਨ ਅਤੇ ਹੋਰ ਸਹੂਲਤਾਂ ਵੀ ਜਾਰੀ ਕਰੇ ਤਾਂ ਕਿ ਸਾਬਕਾ ਫੌਜੀਆਂ ਨੂੰ ਪੈਨਸ਼ਨ ਲੈਣ ਲਈ ਭਟਕਣਾ ਨਾ ਪਵੇ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…