Nabaz-e-punjab.com

ਕਾਨਪੁਰ ਵਿੱਚ ਸਿੱਖ ਕਤਲੇਆਮ ਸਬੰਧੀ ਫਾਈਲਾਂ ਦਾ ਗਾਇਬ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ: ਚੰਦੂਮਾਜਰਾ

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਾਨਪੁਰ ਵਿੱਚ 21 ਸਤੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਅਕਾਲੀ ਲੀਡਰਸ਼ਿਪ ਸ਼ਿਰਕਤ ਕਰੇਗੀ

ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਨੂੰ ਮਿਲ ਕੇ ਸਿੱਖ ਕਤਲੇਆਮ ਸਬੰਧੀ ਗੁੰਮ ਹੋਈਆਂ ਫਾਈਲਾਂ ਦਾ ਮਸਲਾ ਚੁੱਕਣਗੇ ਅਕਾਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਰਨਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਨਪੁਰ ਵਿੱਚ 1984 ਦੇ ਸਿੱਖ ਕਾਤਲੇਆਮ ਸਬੰਧੀ ਕੇਸਾਂ ਦੀਆਂ ਅਹਿਮ ਫਾਈਲਾਂ ਅਤੇ ਜ਼ਰੂਰੀ ਦਸਤਾਵੇਜ਼ਾਂ ਦਾ ਸਰਕਾਰੀ ਰਿਕਾਰਡ ’ਚੋਂ ਅਚਾਨਕ ਗਾਇਬ ਹੋਣ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਕਰੀਬ ਸਾਢੇ ਤਿੰਨ ਦਹਾਕੇ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕਰਨ ਨਾਲ ਨਾਲ ਨਿਸ਼ਚਿਤ ਤੌਰ ’ਤੇ ਪੀੜਤਾਂ ਨੂੰ ਇਨਸਾਫ਼ ਦੀ ਕਿਰਨ ਦਿਖਾਈ ਦੇਣ ਲੱਗੀ ਸੀ ਪ੍ਰੰਤੂ ਇਸ ਤਰ੍ਹਾਂ ਅਚਾਨਕ ਦਰਜ ਕੀਤੇ ਕੇਸਾਂ ਨਾਲ ਸਬੰਧਤ ਫਾਈਲਾਂ ਅਤੇ ਅਹਿਮ ਦਸਤਾਵੇਜ਼ ਗਾਇਬ ਹੋਣ ਨਾਲ ਇਕ ਵਾਰ ਫਿਰ ਤੋਂ ਸਿੱਖਾਂ ਦੀ ਇਨਸਾਫ਼ ਲਈ ਬੱਝੀ ਉਮੀਦ ਨੂੰ ਨਿਰਾਸ਼ਾ ਦੀ ਭੱਠੀ ਵਿੱਚ ਝੋਕ ਦਿੱਤਾ ਹੈ।
ਅੱਜ ਇੱਥੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 1984 ਵਿੱਚ ਰਾਜਧਾਨੀ ਦਿੱਲੀ ਤੋਂ ਬਾਅਦ ਸਨਅਤੀ ਸ਼ਹਿਰ ਕਾਨਪੁਰ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਨਾਲ ਸਬੰਧਤ ਦੋਸ਼ੀਆਂ ਖ਼ਿਲਾਫ਼ ਦਰਜ ਕੇਸ ਸਬੰਧੀ ਫਾਈਲਾਂ ਦੇ ਗੁੰਮ ਹੋਣ ਨਾਲ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ, ਜਿਸ ਨਾਲ ਸਮੁੱਚੇ ਸੰਸਾਰ ਦੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਮੁਤਾਬਕ 125 ਤੋਂ ਵੀ ਵੱਧ ਨਿਰਦੋਸ਼ ਸਿੱਖਾਂ ਦਾ ਕਤਲੇਆਮ, ਲੁੱਟਮਾਰ ਅਤੇ ਡਕੈਤੀ ਸਬੰਧੀ 1250 ਦੇ ਲਗਭਗ ਦਰਜ ਕੇਸ ਕੀਤੇ ਗਏ ਸੀ ਅਤੇ ਇਸ ਸਬੰਧੀ ਫਾਈਲਾਂ, ਡਾਇਰੀਆਂ ਅਤੇ ਲੋੜਵੰਦ ਸਬੂਤਾਂ ਦਾ ਗਾਇਬ ਹੋਣਾ ਯੂਪੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।
ਅਕਾਲੀ ਆਗੂ ਨੇ ਮੰਗ ਕੀਤੀ ਕਿ ਯੂਪੀ ਸਰਕਾਰ ਅਚਾਨਕ ਗੁੰਮ ਹੋਈਆਂ ਫਾਈਲਾਂ ਦਾ ਸਖ਼ਤ ਨੋਟਿਸ ਲਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਹੋਰਨਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ ਅਤੇ ਰਿਕਾਰਡ ਨੂੰ ਦੁਬਾਰਾ ਹਾਸਲ ਕਰਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ 21 ਸਤੰਬਰ ਨੂੰ ਕਾਨਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਰੱਖੇ ਗਏ ਵਿਸ਼ਾਲ ਕੀਰਤਨ ਦਰਬਾਰ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਮੁੱਚੀ ਲੀਡਰਸ਼ਿਪ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੈਂਬਰਾਂ ਸਮੇਤ ਹੋਰ ਉੱਘੀਆਂ ਸਿੱਖ ਸ਼ਖ਼ਸੀਅਤਾਂ ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਨੂੰ ਮਿਲ ਕੇ ਨਿਰਦੋਸ਼ ਸਿੱਖਾਂ ਦੇ ਕੀਤੇ ਕਤਲੇਆਮ ਸਬੰਧੀ ਗੁੰਮ ਹੋ ਚੁੱਕੀਆਂ ਫਾਈਲਾਂ ਦਾ ਮਸਲਾ ਉਠਾਉਣਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …