Share on Facebook Share on Twitter Share on Google+ Share on Pinterest Share on Linkedin ਬੇਅਦਬੀ ਕਾਂਡ: ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣਗੇ ਸ਼ਿਕਾਇਤ ਕਰਤਾ ਸਾਡਾ ਡੇਰਾ ਪ੍ਰੇਮੀਆਂ ਨਾਲ ਕੋਈ ਵੈਰ ਨਹੀਂ ਪਰ ਸੀਬੀਆਈ ਇਹ ਤਾਂ ਦੱਸੇ ਅਸਲ ਦੋਸ਼ੀ ਕੌਣ ਹਨ: ਸ਼ਿਕਾਇਤ ਕਰਤਾਵਾਂ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਇਕ ਪਾਸੜ ਕਾਰਵਾਈ ਦੱਸਿਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 26 ਜੁਲਾਈ: ਪੰਜਾਬ ਵਿੱਚ ਹੋਰ ਵੱਖ-ਵੱਖ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਸਬੰਧੀ ਸ਼ਿਕਾਇਤ ਕਰਤਾਵਾਂ ਵੱਲੋਂ ਸੀਬੀਆਈ ਦੀ ਤਾਜ਼ਾ ਕਲੋਜ਼ਰ ਰਿਪੋਰਟ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਇਸ ਸਬੰਧੀ ਸੀਨੀਅਰ ਵਕੀਲਾਂ ਨਾਲ ਤਾਲਮੇਲ ਕਰਕੇ ਕਾਨੂੰਨ ਰਾਇ ਲਈ ਜਾ ਰਹੀ ਹੈ। ਸ਼ਿਕਾਇਤ ਕਰਤਾ ਰਣਜੀਤ ਸਿੰਘ ਵਾਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਜ਼ਿਲ੍ਹਾ ਫਰੀਦਕੋਟ) ਅਤੇ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੋਰਾ ਸਿੰਘ ਨੇ ਬੇਅਦਬੀ ਮਾਮਲੇ ਦੇ ਵੱਖ ਵੱਖ ਪਹਿਲੂਆਂ ’ਤੇ ਚਾਨਣਾ ਪਾਉਂਦਿਆਂ ਸੀਬੀਆਈ ਵੱਲੋਂ ਕੇਸ ਖ਼ਤਮ ਕਰਨ ਲਈ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਨੂੰ ਮੰਦਭਾਗਾ ਕਰਾਰ ਦਿੱਤਾ। ਸ਼ਿਕਾਇਤ ਕਰਤਾਵਾਂ ਦੇ ਵਕੀਲ ਗਗਨਪ੍ਰਦੀਪ ਸਿੰਘ ਬੱਲ ਅਤੇ ਨਵਦੀਪ ਸਿੰਘ ਬਿੱਟਾ ਨੇ ਦੱਸਿਆ ਕਿ ਸੀਬੀਆਈ ਦੀ ਕਲੋਜ਼ਰ ਰਿਪੋਰਟ ’ਤੇ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ। ਇਸ ਦਿਨ ਉਨ੍ਹਾਂ ਵੱਲੋਂ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਸਬੰਧੀ ਰਿਪੋਰਟ ਵਿਚਲੇ ਵੱਖ ਵੱਖ ਪਹਿਲੂਆਂ ਨੂੰ ਬੜੀ ਬਰੀਕੀ ਨਾਲ ਵਾਚਿਆ ਜਾ ਰਿਹਾ ਹੈ ਤਾਂ ਜੋ ਪਟੀਸ਼ਨ ਵਿੱਚ ਠੋਸ ਤੱਥ ਸ਼ਾਮਲ ਕਰਕੇ ਇਸ ਕੇਸ ਨੂੰ ਕਿਸੇ ਕੰਢੇ ਲਾਇਆ ਜਾ ਸਕੇ। ਕਿਉਂਕਿ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਦੀਆਂ ਨਜ਼ਰਾਂ ਇਸ ਕੇਸ ’ਤੇ ਟਿੱਕੀਆਂ ਹੋਈਆਂ ਹਨ। ਉਧਰ, ਸੀਬੀਆਈ ਦੀ ਕਲੋਜ਼ਰ ਰਿਪੋਰਟ ਪੰਜਾਬ ਸਰਕਾਰ ਅਤੇ ਸਿੱਟ ਦੇ ਗਲੇ ਦੀ ਹੱਡੀ ਬਣ ਗਈ ਹੈ। ਗੁਰਦੁਆਰਾ ਸਾਹਿਬ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਗੋਰਾ ਸਿੰਘ ਨੇ 1 ਜੂਨ 2015 ਨੂੰ ਮਹਾਰਾਜ ਸਾਹਿਬ ਦੇ ਸਰੂਪ ਚੋਰੀ ਹੋਣ ਬਾਰੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਅਗਲੇ ਦਿਨ 2 ਜੂਨ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕਰੀਬ ਸਾਲ ਮਗਰੋਂ ਜਦੋਂ ਡੇਰਾ ਮੁਖੀ ਦੀ ਵਿਵਾਦਿਤ ਫਿਲਮ ਦਾ ਰੌਲਾ ਪਿਆ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਇਲਾਕੇ ਵਿੱਚ ਕੰਧਾਂ ’ਤੇ ਪੋਸਟਰ ਚਿਪਕਾਏ ਗਏ। ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ। ਜੇਕਰ ਸਾਡੇ ਗੁਰੂ ਦੀ ਪੰਜਾਬ ਵਿੱਚ ਫਿਲਮ ਨਹੀਂ ਲੱਗਣ ਦਿੱਤੀ ਤਾਂ ਅੰਗ ਫਾੜ ਕੇ ਸੁੱਟ ਦੇਣਗੇ ਅਤੇ ਹੋਇਆ ਵੀ ਐਵੇਂ ਹੀ। ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਕੇ ਗਲੀਆਂ ਵਿੱਚ ਸੁੱਟ ਦਿੱਤੇ ਗਏ। ਇਸ ਸਬੰਧੀ ਰਣਜੀਤ ਸਿੰਘ ਦੇ ਬਿਆਨਾਂ ’ਤੇ ਭੜਕਾਊ ਅਤੇ ਮੰਦੀ ਸ਼ਬਦਾਵਲੀ ਵਾਲੇ ਪੋਸਟਰ ਲਗਾਉਣ ਦਾ ਥਾਣਾ ਬਾਜ਼ਾਖਾਨਾ (ਫਰੀਦਕੋਟ) ਵੱਖਰਾ ਕੇਸ ਦਰਜ ਕੀਤਾ ਗਿਆ। ਇਸ ਉਪਰੰਤ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਮੰਗ ਨੂੰ ਲੈ ਕੇ ਸਿੱਖਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਵਿਖਾਵੇ ਕੀਤੇ ਗਏ। ਇਸ ਦੌਰਾਨ ਗੋਲੀ ਲੱਗਣ ਕਾਰਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਮਾਮਲਾ ਕਾਫੀ ਭਖ ਗਿਆ। ਸ਼ਿਕਾਇਤ ਕਰਤਾਵਾਂ ਨੇ ਸੀਬੀਆਈ ਨੂੰ ਸਵਾਲ ਕੀਤਾ ਕਿ ਪੰਜਾਬ ਪੁਲੀਸ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਆਪਣੀ ਜਾਂਚ ਵਿੱਚ ਕਸੂਰਵਾਰ ਠਹਿਰਾਉਂਦੇ ਹੋਏ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਾਡਾ ਡੇਰਾ ਪ੍ਰੇਮੀਆਂ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਅਤੇ ਉਹ ਇਹ ਵੀ ਬਿਲਕੁਲ ਨਹੀਂ ਚਾਹੁੰਦੇ ਕਿਸੇ ਬੇਗੁਨਾਹ ਨੂੰ ਸਜ਼ਾ ਮਿਲੇ ਲੇਕਿਨ ਜੇਕਰ ਇਹ ਵਿਅਕਤੀ ਸੱਚਮੁੱਚ ਨਿਰਦੋਸ਼ ਹਨ ਤਾਂ ਸੀਬੀਆਈ ਇਹ ਤਾਂ ਦੱਸੇ ਆਖ਼ਰਕਾਰ ਅਸਲ ਦੋਸ਼ੀ ਕੌਣ ਹਨ। ਕਿਉਂਕਿ ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਸਾਫ਼ ਲਿਖਿਆ ਹੈ ਕਿ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਜਲਦਬਾਜ਼ੀ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕੀਤੀ ਹੈ ਜਦੋਂਕਿ ਕਾਨੂੰਨ ਅਨੁਸਾਰ ਜਾਂਚ ਏਜੰਸੀ ਨੂੰ ਸ਼ਿਕਾਇਤ ਕਰਤਾਵਾਂ ਅਤੇ ਸਿੱਟ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ ਅਤੇ ਦੋਵੇਂ ਏਜੰਸੀਆਂ ਨੂੰ ਆਪਸੀ ਤਾਲਮੇਲ ਨਾਲ ਇਸ ਮਾਮਲੇ ਨੂੰ ਕਿਸੇ ਫੈਸਲਾਕੁਨ ਕੰਢੇ ਲਾਉਣਾ ਚਾਹੀਦਾ ਸੀ। ਪ੍ਰੰਤੂ ਅਜਿਹਾ ਨਹੀਂ ਹੋਇਆ ਅਤੇ ਸੀਬੀਆਈ ਨੇ ਇਕ ਪਾਸੜ ਕਾਰਵਾਈ ਕਰਦਿਆਂ ਸਾਰਾ ਕੁਝ ਉਲਟਾ ਪੁਲਟਾ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਸੇ ਦਾ ਨਾਂ ਨਹੀਂ ਲਿਆ ਸੀ। ਸਿਰਫ਼ ਕੰਧਾਂ ਦੇ ਪੋਸਟਰ ਚਿਪਕਾਉਣ ਅਤੇ ਮਹਾਰਾਜ ਦੇ ਸਰੂਪ ਚੋਰੀ ਬਾਰੇ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਸੀ। ਮੁਲਜ਼ਮਾਂ ਦੀ ਭਾਲ ਕਰਨਾ ਪੁਲੀਸ ਅਤੇ ਸੀਬੀਆਈ ਦਾ ਕੰਮ ਸੀ। (ਬਾਕਸ ਆਈਟਮ) ਗ੍ਰੰਥੀ ਗੋਰਾ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਪੁਲੀਸ ਵੱਲੋਂ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਲੇਕਿਨ ਵਾਹਿਗੁਰੂ ਦੀ ਕਿਰਪਾ ਨਾਲ ਉਹ ਬਚ ਗਏ। ਉਸ ਅਤੇ ਪਰਿਵਾਰ ਦੇ ਜੀਆਂ ਨੂੰ ਕਾਫੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਕਿ ਉਨ੍ਹਾਂ ਨੇ ਹੀ ਸਰੂਪ ਚੋਰੀ ਕਰਵਾਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿੰਡੇ ’ਤੇ ਸੰਤਾਪ ਭੋਗ ਕੇ ਬੜੀ ਮੁਸ਼ਕਲ ਨਾਲ ਇਸ ਕੇਸ ਨੂੰ ਇੱਥੇ ਤੱਕ ਪਹੁੰਚਾਇਆ ਗਿਆ ਸੀ ਅਤੇ ਪਿਛਲੇ ਸਮੇਂ ਦੌਰਾਨ ਇਹ ਮਾਮਲਾ ਪੂਰੇ ਵਿਸ਼ਵ ਵਿੱਚ ਛਾਇਆ ਰਿਹਾ ਹੈ। ਚੋਣਾਂ ਵੇਲੇ ਵੀ ਰਾਜਨੀਤਕ ਪਾਰਟੀਆਂ ਨੇ ਇਸ ਮੁੱਦੇ ਨੂੰ ਖੂਬ ਉਭਾਰਿਆ ਗਿਆ ਹੈ। ਪਰ ਹੁਣ ਸੀਬੀਆਈ ਨੇ ਸਿੱਖਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਸਮੇਤ ਉਸ ਦੀ ਪਤਨੀ ਸਵਰਨਜੀਤ ਕੌਰ, ਅਮਨ ਸਿੰਘ ਪੰਜਗਰਾਈਆਂ, ਜਸਵਿੰਦਰ ਸਿੰਘ ਦੇ ਸ਼ੱਕ ਦੇ ਆਧਾਰ ’ਤੇ ਟੈੱਸਟ ਕਰਵਾਏ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ