
ਬਹੁਮੰਜ਼ਲਾਂ ਪੀਜੀ ਅਤੇ ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਮਾਮਲਾ ਭਖਿਆ
ਪਿੰਡ ਵਾਸੀਆਂ ਵੱਲੋਂ ਨਿਗਮ ਖ਼ਿਲਾਫ਼ ਰੋਸ ਮੁਜ਼ਾਹਰਾ, ਹੰਗਾਮੇ ਤੋਂ ਬਾਅਦ ਪੁਲੀਸ ਨੇ ਕੰਮ ਬੰਦ ਕਰਵਾਇਆ
ਨਬਜ਼-ਏ-ਪੰਜਾਬ, ਮੁਹਾਲੀ, 30 ਅਪਰੈਲ:
ਮੁਹਾਲੀ ਵਿੱਚ ਅਣ-ਅਧਿਕਾਰਤ ਬਹੁਮੰਜ਼ਲਾਂ ਪੀਜੀ ਅਤੇ ਰਿਹਾਹਿਸ਼ੀ ਇਲਾਕਿਆਂ ਵਿੰਚ ਮੋਬਾਈਲ ਟਾਵਰ ਲਗਾਉਣ ਦਾ ਮਾਮਲਾ ਫਿਰ ਤੋਂ ਭਖ ਗਿਆ ਹੈ। ਪਿੰਡ ਕੁੰਭੜਾ ਵਿੱਚ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪੀੜਤ ਲੋਕਾਂ ਨੇ ਨਗਰ ਨਿਗਮ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਨਿਗਮ ਕਮਿਸ਼ਨਰ, ਮੇਅਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕੇ ਹਨ ਲੇਕਿਨ ਹੁਣ ਤੱਕ ਕਿਸੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਪਹਿਲਾਂ ਵੀ ਪੀਜੀ ਮਾਲਕ ਨੂੰ ਕਥਿਤ ਨਾਜਾਇਜ਼ ਉਸਾਰੀ ਤੋਂ ਰੋਕਿਆ ਗਿਆ ਸੀ ਪਰ ਉਹ ਨਹੀਂ ਰੁਕੇ। ਇਸ ਉੱਚੀ ਇਮਾਰਤ ਕਾਰਨ ਨਾਲ ਲਗਦੇ ਤਿੰਨ ਚਾਰ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਜਦੋਂ ਮੁਹੱਲੇ ਵਾਲੇ ਉਸ ਦੇ ਖ਼ਿਲਾਫ਼ ਸ਼ਿਕਾਇਤ ਦੇਣ ਲੱਗੇ ਤਾਂ ਉਸਨੇ ਪ੍ਰਭਾਵਿਤ ਘਰਾਂ ਦੀ ਮੁਰੰਮਤ ਕਰਵਾ ਦਿੱਤੀ ਪਰ ਲੰਘ ਰਾਤ ਪੀਜੀ ਮਾਲਕ ਨੇ ਬਹੁਮੰਜ਼ਲਾਂ ਪੀਜੀ ਦੀ ਛੱਤ ਉੱਤੇ ਮੋਬਾਈਲ ਕੰਪਨੀ ਦਾ ਟਾਵਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਮੁਹੱਲਾ ਵਾਸੀਆਂ ਦੇ ਵਿਰੋਧ ਕਾਰਨ ਇਹ ਮਾਮਲਾ ਥਾਣੇ ਪਹੁੰਚ ਗਿਆ ਤਾਂ ਪੁਲੀਸ ਨੇ ਮੌਕੇ ’ਤੇ ਆ ਕੇ ਕੰਮ ਬੰਦ ਕਰਵਾਇਆ। ਉਨ੍ਹਾਂ ਕਿਹਾ ਕਿ ਅਣਅਧਿਕਾਰਤ ਪੀਜੀ ਬਾਰੇ ਅਧਿਕਾਰੀ ਸੂਚਨਾ ਅਧਿਕਾਰ ਐਕਟ ਤਹਿਤ ਜਾਣਕਾਰੀ ਦੇਣ ਤੋਂ ਵੀ ਭੱਜ ਰਹੇ ਹਨ।
ਇਸੇ ਦੌਰਾਨ ਪਿੰਡ ਬਲੌਂਗੀ ਦੇ ਵਸਨੀਕ ਵੱਲੋਂ ਹਾਈ ਕੋਰਟ ਵਿੱਚ ਕੇਸ ਦਾਇਰ ਗਿਆ। ਜਿਸ ਵਿੱਚ ਬਲੌਂਗੀ ਤੋਂ ਇਲਾਵਾ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ 6 ਪਿੰਡਾਂ ਮੁਹਾਲੀ, ਸ਼ਾਹੀਮਾਜਰਾ, ਮਦਨਪੁਰ, ਮਟੌਰ, ਸੋਹਾਣਾ ਅਤੇ ਕੁੰਭੜਾ ਹਨ। ਜਿਸ ਵਿੱਚ ਪੁੱਡਾ ਅਤੇ ਕਮਿਸ਼ਨਰ ਨੂੰ ਪਾਰਟੀ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੁਹਾਲੀ ਵਿੱਚ ਸਿਰਫ਼ 13 ਪੀਜੀ ਹੀ ਰਜਿਸਟਰਡ ਹਨ। ਜਦੋਂਕਿ ਸ਼ਹਿਰ ਵਿੱਚ ਅਣਅਧਿਕਾਰਤ ਪੀਜੀ ਦੀ ਗਿਣਤੀ ਬਹੁਤਾਤ ਵਿੱਚ ਹੈ।
ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਮੈਡਮ ਰਜਨੀ, ਅਮਰ ਸਿੰਘ, ਮਨਪ੍ਰੀਤ ਕੌਰ, ਹਰਬੰਸ ਸਿੰਘ, ਬਲਜੀਤ ਕੌਰ, ਦਵਿੰਦਰ ਕੌਰ, ਗੁਰਨਾਮ ਕੌਰ ਸਾਬਕਾ ਬਲਾਕ ਸਮਿਤੀ ਮੈਂਬਰ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਰਘਵੀਰ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ, ਮਨਿੰਦਰ ਸਿੰਘ, ਰਣਜੀਤ, ਸੁਰਿੰਦਰ ਕੌਰ, ਮਨਦੀਪ ਸਿੰਘ, ਸੋਨੂੰ ਕੁੰਭੜਾ ਅਤੇ ਗੁਰਜੰਟ ਸਿੰਘ ਆਦਿ ਮੌਜੂਦ ਸਨ।